‘ਆਪ’ ਦੇ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਬਲਬੀਰ ਸਿੱਧੂ ‘ਤੇ ਲਾਏ ਗੰਭੀਰ ਦੋਸ਼

aap/nawanpunjab.com

ਮੋਹਾਲੀ, 4 ਜਨਵਰੀ (ਬਿਊਰੋ)- ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਅਧਿਕਾਰਿਤ ਉਮੀਦਵਾਰ ਕੁਲਵੰਤ ਸਿੰਘ ਨੇ ਅੱਜ ਇੱਥੇ ਕਿਹਾ ਹੈ ਕਿ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਲੈਂਡ ਮਾਫ਼ੀਆ ਨੂੰ ਉਤਸ਼ਾਹਿਤ ਕਰਨ ਲਈ ਜੋ ਵੱਖੋ-ਵੱਖ ਪਿੰਡਾਂ ਵਿੱਚ ਸ਼ਾਮਲਾਟ ਦੀਆਂ ਜ਼ਮੀਨਾਂ ‘ਤੇ ਕਥਿਤ ਤੌਰ ‘ਤੇ ਕਬਜ਼ੇ ਕੀਤੇ ਗਏ ਹਨ ਅਤੇ ਆਪਣੇ ਭਰਾ ਨਾਲ ਲੈਂਡ ਚੈਸਟਰ ਨਾਮਕ ਇਕ ਕੰਪਨੀ ਬਣਾ ਕੇ ਜ਼ਮੀਨਾਂ ਵਿੱਚ ਘਪਲੇ ਕੀਤੇ ਗਏ ਹਨ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਬੇਪਰਦ ਕੀਤਾ ਜਾਵੇਗਾ। ਅੱਜ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਨੇ ਆਪਣੇ ਭਰਾ ਦੀ ਕੰਪਨੀ ਲਈ ਸਾਰੇ ਹੀ ਕਾਨੂੰਨ ਛਿੱਕੇ ਟੰਗ ਦਿੱਤੇ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦੈੜੀ ਦੀ ਸ਼ਾਮਲਾਟੀ ਚੁਰਾਸੀ ਕਨਾਲ ਜ਼ਮੀਨ ਦੱਬੀ ਗਈ, ਫਿਰ ਉਸ ਨੇ ਪਿੰਡ ਦੀ ਮਹਿੰਗੀ ਜ਼ਮੀਨ ਦੇ ਬਦਲੇ ਨੀਵੇਂ ਥਾਂ ਵਾਲੀ ਜ਼ਮੀਨ ਨਾਲ ਉਸ ਦਾ ਤਬਾਦਲਾ ਕੀਤਾ। ਲੋਕ ਇਸ ਦੇ ਖ਼ਿਲਾਫ਼ ਹਾਈਕੋਰਟ ਵਿੱਚ ਪਹੁੰਚੇ ਤਾਂ ਹਾਈਕੋਰਟ ਨੇ ਇਹ ਤਬਾਦਲਾ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਦੁਬਾਰਾ ਪਿੰਡ ਡੈਡੀ ਦੀ ਪੰਚਾਇਤ ਦੇ ਨਾਂ ਹੋ ਚੁੱਕੀ ਹੈ ਪਰ ਅਜੇ ਤੱਕ ਵੀ ਬਲਬੀਰ ਸਿੱਧੂ ਦੇ ਭਰਾ ਨੇ ਇਸ ਦਾ ਕਬਜ਼ਾ ਨਹੀਂ ਛੱਡਿਆ। ਅਜੇ ਵੀ ਇਸ ਜ਼ਮੀਨ ‘ਤੇ ਕਬਜ਼ਾ ਬਲਬੀਰ ਸਿੱਧੂ ਦੇ ਭਰਾ ਦੀ ਕੰਪਨੀ ਦਾ ਹੀ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਸਿੱਧੂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਅਤੇ ਉਸ ਨੇ ਆਪਣਾ ਸਿਆਸੀ ਰਸੂਖ ਵਰਤਦੇ ਹੋਏ ਪੰਚਾਇਤ ਵਿਭਾਗ ਦੇ ਡਾਇਰੈਕਟਰ ਕੋਲੋਂ ਇਕ ਹੁਕਮ ਜਾਰੀ ਕਰਵਾਇਆ ਹੈ ਕਿ ਇਸ ਚੁਰਾਸੀ ਕਨਾਲ ਜ਼ਮੀਨ ਦੀ ਬੋਲੀ ਛੋਟੇ-ਛੋਟੇ ਟੁਕੜਿਆਂ ਵਿਚ ਕਰਵਾਈ ਜਾਵੇ।

ਉਨ੍ਹਾਂ ਕਿਹਾ ਕਿ ਅਜੇ ਵੀ ਉਸ ਦੀ ਅੱਖ ਇਸ ਜ਼ਮੀਨ ‘ਤੇ ਹੈ ਅਤੇ ਇਸ ਨੂੰ ਦੱਬਣ ਲਈ ਉਹ ਕੁੱਝ ਵੀ ਕਰ ਸਕਦਾ ਹੈ। ਬੀਤੇ ਦਿਨ ਬਲਬੀਰ ਸਿੱਧੂ ਵੱਲੋਂ ਕੁਲਵੰਤ ਸਿੰਘ ‘ਤੇ ਲਾਏ ਗਏ ਇਲਜ਼ਾਮਾਂ ਦਾ ਖੰਡਨ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਉਹ ਮੋਹਾਲੀ ਵਿੱਚ ਜਦੋਂ ਵੀ ਕੋਈ ਚੋਣ ਲੜੇ ਹਨ, ਉਹ ਆਜ਼ਾਦ ਉਮੀਦਵਾਰ ਵਜੋਂ ਹੀ ਚੋਣ ਲੜੇ ਹਨ ਅਤੇ ਮੇਅਰ ਵੀ ਉਹ ਆਜ਼ਾਦ ਤੌਰ ‘ਤੇ ਹੀ ਬਣੇ ਸਨ। ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਸੀਨੀਅਰ ਕਾਂਗਰਸੀ ਆਗੂਆਂ ਦੀ ਮੌਜੂਦਗੀ ਵਿਚ ਉਨ੍ਹਾਂ ਕੋਲ ਆਇਆ ਸੀ ਅਤੇ ਕਈ ਵਾਰ ਅਪੀਲ ਕੀਤੀ ਸੀ ਕਿ ਉਹ ਕਾਂਗਰਸ ਪਾਰਟੀ ਵੱਲੋਂ ਹੀ ਮੇਅਰ ਬਣਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ ਅਤੇ ਇਹ ਲੋਕਾਂ ਦੀ ਪਾਰਟੀ ਹੈ, ਜੋ ਕਿ ਤੀਜੇ ਬਦਲ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਹੁਣ ਤੱਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਹੀ ਪੰਜਾਬ ਵਿਚ ਰਾਜ ਕਰਦੇ ਰਹੇ ਹਨ। ਇਸ ਮੌਕੇ ਪੱਤਰਕਾਰ ਸੰਮੇਲਨ ਵਿਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਾਲਵਿੰਦਰ ਸਿੰਘ ਕੰਗ, ਜਨਰਲ ਸਕੱਤਰ ਪ੍ਰਭਜੋਤ ਕੌਰ, ਲੋਕ ਸਭਾ ਹਲਕਾ ਦੇ ਇੰਚਾਰਜ ਸੰਨੀ ਸਿੰਘ ਆਹਲੂਵਾਲੀਆ, ਵਪਾਰ ਮੰਡਲ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਵਨੀਤ ਵਰਮਾ, ਫੂਲਰਾਜ ਸਿੰਘ, ਪਰਮਜੀਤ ਸਿੰਘ ਕਾਹਲੋਂ, ਸੁਖਦੇਵ ਸਿੰਘ ਪਟਵਾਰੀ ਅਤੇ ਹੋਰ ਨੇਤਾ ਵੀ ਮੌਜੂਦ ਸਨ।

Leave a Reply

Your email address will not be published. Required fields are marked *