ਮੋਰਿੰਡਾ, 4 ਜਨਵਰੀ (ਬਿਊਰੋ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਦਾਣਾ ਮੰਡੀ ਵਿਖੇ ਮੰਗਲਵਾਰ ਨੂੰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਵੱਡੇ ਇਕੱਠੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੰਗਾ ਸਮਾਜ ਇਕ ਔਰਤ ਹੀ ਬਣਾ ਸਕਦੀ ਹੈ। ਉਨ੍ਹਾਂ 53000 ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਦੀ ਤਨਖਾਹ 4050 ਹੈ ਉਹਨਾਂ ਦੀ 5100 ਰੁਪਏ, ਜੋ ਵਰਕਰ 5300 ਰੁਪਏ ਹਾਸਲ ਕਰ ਰਹੇ ਹਨ ਉਹਨਾਂ ਦੀ 6300 ਰੁਪਏ ਅਤੇ 8100 ਤੋਂ ਵਧਾ ਕੇ 9500 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਿੰਨੀ ਆਂਗਣਵਾੜੀ ਵਰਕਰ ਦੀ 250 ਰੁਪਏ,ਆਂਗਣਵਾੜੀ ਵਰਕਰਾਂ ਦੀ 250 ਰੁਪਏ ਹਰ ਸਾਲ ਵਧੇਗੀ ਤਨਖਾਹ।
ਚੰਨੀ ਨੇ ਕਿਹਾ ਕਿ ਤੁਹਾਡੇ ਮਸਲੇ ਹੱਲ ਕਰਨਾ ਸਾਡਾ ਫਰਜ਼ ਬਣਦਾ ਹੈ। ਖਾਸ ਕਰਕੇ ਮਿਡਲ ਵਰਗ, ਗਰੀਬ ਵਰਗ ਦੇ ਪਰਿਵਾਰ ਨੂੰ ਚੰਗਾ ਜੀਵਨ ਦੇਣ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਹਰ ਕਿਸਾਨ, ਦੁਕਾਨਦਾਰ, ਵਪਾਰੀ ਦੇ ਘਰ ਖੁਸ਼ਹਾਲੀ ਹੋਵੇ। ਉਨ੍ਹਾਂ ਹੁਣ ਤਕ ਪੰਜਾਬ ਦੇ ਲੋਕਾਂ ਲਈ ਕੀਤੇ ਕੰਮਾਂ ਨੂੰ ਗਿਣਵਾਉਂਦਿਆਂ ਕਿਹਾ ਕਿ ਪੰਜਾਬ ਵਿਚ ਤਿੰਨ ਰੁਪਏ ਬਿਜਲੀ ਪ੍ਰਤੀ ਯੂਨਿਟ ਸਸਤੀ, ਪਾਣੀ ਦੇ ਬਿੱਲ ਮਾਫ਼, ਪੈਟਰੋਲ-ਡੀਜ਼ਲ ਦੇ ਰੇਟ ਘਟਾਉਣ ਦਾ ਜ਼ਿਕਰ ਕੀਤਾ।