ਚੰਡੀਗੜ੍ਹ, 4 ਜਨਵਰੀ (ਬਿਊਰੋ)- ਪੰਜਾਬ ‘ਚ ਕੋਰੋਨਾ ਦੇ ਵੱਧਦੇ ਪ੍ਰਕੋਪ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੀ ਅਲਰਟ ਹੋ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐੱਸ.ਕਰੁਣਾ ਰਾਜੂ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਸਿਹਤ ਸੰਬੰਧੀ ਰਿਪੋਰਟਾਂ ਮੰਗ ਕੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਦੇ ਨਾਲ ਹੀ ਰਾਜਨੀਤਿਕ ਪ੍ਰੋਗਰਾਮਾਂ ਵਿਚ ਨਿਰਧਾਰਿਤ ਕੋਰੋਨਾ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਰਾਜਨੀਤਿਕ ਪਾਰਟੀਆਂ ਦੀ ਮੀਟਿੰਗ ਬੁਲਾਈ ਗਈ ਹੈ।
ਕੋਰੋਨਾ ਦੇ ਮੱਦੇਨਜ਼ਰ ਤਿੰਨ ਸ਼੍ਰੇਣੀਆਂ ਦੇ ਵੋਟਰਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ਦੀ ਬਜਾਏ ਘਰ-ਘਰ ਜਾ ਕੇ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਇਨ੍ਹਾਂ ਵਿਚ 80 ਸਾਲ ਤੋਂ ਵੱਧ ਉਮਰ ਦੇ ਵੋਟਰ, ਦਿਵਿਆਂਗ ਅਤੇ ਕੋਰੋਨਾ ਪਾਜ਼ੀਟਿਵ ਜੋ ਆਈਸੋਲੇਸ਼ਨ ਵਿਚ ਹਨ, ਉਨ੍ਹਾਂ ਸਾਰਿਆਂ ਦੀ ਵੋਟ ਚੋਣ ਕਮਿਸ਼ਨ ਵਲੋਂ ਬੈਲਟ ਪੇਪਰ ਰਾਹੀਂ ਪਾਈ ਜਾਵੇਗੀ। ਪੰਜਾਬ ਵਿਚ 80 ਸਾਲ ਦੀ ਉਮਰ ਦੇ ਪੰਜ ਲੱਖ ਤੋਂ ਵੱਧ ਵੋਟਰ ਹਨ, ਜਦੋਂ ਕਿ 1.25 ਲੱਖ ਦੇ ਕਰੀਬ ਵੱਖ-ਵੱਖ ਤਰ੍ਹਾਂ ਦੇ ਵੋਟਰ ਹਨ।