ਚੰਡੀਗੜ੍ਹ, 3 ਜਨਵਰੀ (ਬਿਊਰੋ)- ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਸੁਖਨਾ ਝੀਲ ‘ਤੇ ਬੋਟਿੰਗ ਸਮੇਤ ਸਾਰੀਆਂ ਗਤੀਵਿਧੀਆਂ ਬੰਦ ਕਰ ਦਿੱਤੀਆਂ ਹਨ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਝੀਲ ’ਤੇ ਸਵੇਰੇ ਅਤੇ ਸ਼ਾਮ ਨੂੰ ਸ਼ਹਿਰਵਾਸੀ ਸੈਰ ਕਰ ਸਕਣਗੇ। ਉਥੇ ਹੀ ਐਤਵਾਰ ਨੂੰ ਝੀਲ ਨੂੰ ਪੂਰਾ ਦਿਨ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਸਲਾਹਕਾਰ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਸੋਮਵਾਰ ਤੋਂ ਸ਼ਨੀਵਾਰ ਤੱਕ ਸੁਖਨਾ ਝੀਲ ’ਤੇ ਸਵੇਰੇ 5 ਤੋਂ 9 ਵਜੇ ਅਤੇ ਸ਼ਾਮ 6 ਤੋਂ 8 ਵਜੇ ਤੱਕ ਲੋਕ ਸੈਰ ਕਰ ਸਕਣਗੇ।
ਹਾਲਾਂਕਿ ਇਸ ਦੌਰਾਨ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਅਤੇ ਸੋਸ਼ਲ ਡਿਸਟੈਂਸ ਦੀ ਵੀ ਪਾਲਣਾ ਕਰਨੀ ਹੋਵੇਗੀ। ਬਿਨਾਂ ਮਾਸਕ ਲੋਕਾਂ ਦੇ ਚਲਾਨ ਕੱਟੇ ਜਾਣਗੇ ਅਤੇ ਇਸ ਸਬੰਧੀ ਪ੍ਰਸ਼ਾਸਨ ਨੇ ਸਬੰਧਿਤ ਵਿਭਾਗਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਸੋਮਵਾਰ ਤੋਂ ਹੁਕਮ ਲਾਗੂ ਹੋ ਜਾਣਗੇ ਅਤੇ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਵੈਕਸੀਨ ਨੂੰ ਲੈ ਕੇ ਵੀ ਸਖ਼ਤੀ ਕੀਤੀ ਸੀ ਅਤੇ ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਨਹੀਂ ਲਗਾਈਆਂ ਹਨ, ਉਨ੍ਹਾਂ ਲਈ ਜਨਤਕ ਥਾਵਾਂ ‘ਤੇ ਐਂਟਰੀ ‘ਤੇ ਰੋਕ ਲਾ ਦਿੱਤੀ ਸੀ।