ਲੁਧਿਆਣਾ : ਸੂਬੇ ਭਰ ਦੇ ਨਿੱਜੀ ਹਸਪਤਾਲਾਂ ਤੇ ਨਰਸਿੰਗ ਹੋਮ ਦੀ ਨੁਮਾਇੰਦਗੀ ਕਰਨ ਵਾਲੀ ਪੀਐੱਚਏਐੱਨਏ ਪੰਜਾਬ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸਾਰੀਆਂ ਕੈਸ਼ਲੈੱਸ ਸੇਵਾਵਾਂ ਨੂੰ ਰੋਕਣ ਦਾ ਐਲਾਨ ਕਰ ਦਿੱਤਾ ਹੈ। ਇਸ ਫੈਸਲੇ ਦਾ ਕਾਰਨ ਪਿਛਲੇ ਛੇ ਮਹੀਨਿਆਂ ਤੋਂ ਭੁਗਤਾਨ ਲੰਬਿਤ ਹੈ। ਯੋਜਨਾ ਤਹਿਤ ਪੰਜਾਬ ‘ਚ 600 ਪ੍ਰਾਈਵੇਟ ਹਸਪਤਾਲ ਜੁੜੇ ਹਨ ਜਦਕਿ ਲੁਧਿਆਣਾ ‘ਚ 70 ਹਸਪਤਾਲ ਜੁੜੇ ਹਨ।
PHANA Punjab ਦੇ ਨੁਮਾਇੰਦਿਆਂ ਅਨੁਸਾਰ ਇਹ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਬਕਾਇਆ ਅਦਾਇਗੀਆਂ ਦੇ ਮਸਲਿਆਂ ਦੇ ਹੱਲ ਲਈ ਸਟੇਟ ਹੈਲਥ ਏਜੰਸੀ (SHA) ਪੰਜਾਬ ਦੇ ਸੀਈਓ ਤੇ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ ਸੀ। ਪੇਮੈਂਟ ਕਲੀਅਰੈਂਸ ਦੇ 15 ਦਿਨਾਂ ਅੰਦਰ ਭੁਗਤਾਨ ਕਰਨ ਦੇ ਵਾਰ-ਵਾਰ ਭਰੋਸੇ ਦੇ ਬਾਵਜੂਦ ਇਸ ਸੰਕਟ ਦੇ ਹੱਲ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।
ਹੁਣ ਕੋਈ ਹੱਲ ਨਜ਼ਰ ਨਾ ਆਉਣ ਕਾਰਨ ਅਤੇ ਇਲਾਜ ਨਾ ਕਰਨ ‘ਤੇ ਦੰਡਕਾਰੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਸਪਤਾਲ, ‘ਪੀਐੱਚਏਐੱਨਏ ਪੰਜਾਬ’ ਨੇ ਅਧਿਕਾਰਤ ਤੌਰ ‘ਤੇ ਇਹ ਸੇਵਾਵਾਂ ਬੰਦ ਕਰ ਦਿੱਤੀਆਂ ਹਨ। SHA ਨੇ ਸਮਝੌਤਾ ਮੈਮੋਰੈਂਡਮ (MOU) ਦੀ ਉਲੰਘਣਾ ਕਰ ਕੇ ਭੁਗਤਾਨਾਂ ‘ਚ ਦੇਰੀ ਕੀਤੀ ਹੈ ਤੇ ਹੁਣ ਹਸਪਤਾਲਾਂ ਵੱਲੋਂ ਸੇਵਾਵਾਂ ਤੋਂ ਇਨਕਾਰ ਕਰਨ ‘ਤੇ ਕਾਰਵਾਈ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ।