ਚੰਡੀਗੜ੍ਹ, 21 ਦਸੰਬਰ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਐੱਫ. ਆਈ. ਆਰ. ਬਿਓਰੋ ਆਫ ਇਨਵੈਸਟੀਗੇਸ਼ਨ ਥਾਣਾ ਮੋਹਾਲੀ ‘ਚ ਦਰਜ ਕੀਤੀ ਗਈ ਹੈ। ਮਜੀਠੀਆ ਖ਼ਿਲਾਫ਼ ਇਹ ਐੱਫ. ਆਈ. ਆਰ. ਕਿਉਂ ਦਰਜ ਕੀਤੀ ਗਈ ਹੈ, ਇਸ ਬਾਰੇ ਪੁਲਸ ਵੱਲੋਂ ਅਜੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਸੂਤਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਹਾਲਾਂਕਿ ਕੋਈ ਵੀ ਪੁਲਸ ਅਧਿਕਾਰੀ ਇਸ ਬਾਰੇ ਕੁੱਝ ਦੱਸਣ ਲਈ ਤਿਆਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਐੱਫ. ਆਈ. ਆਰ. ਬੀਤੀ ਰਾਤ ਦਰਜ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਡਰੱਗਜ਼ ਮਾਮਲੇ ਨੂੰ ਲੈ ਕੇ ਪੁਲਸ ਨੇ ਮਜੀਠੀਆ ਖ਼ਿਲਾਫ਼ ਇਕ ਨਵਾਂ ਕੇਸ ਦਰਜ ਕੀਤਾ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਲਈ ਹੈ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾਅਵਾ ਕਰ ਰਹੇ ਸਨ ਕਿ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਰਿਪੋਰਟ ‘ਚ ਮਜੀਠੀਆ ਦਾ ਨਾਂ ਸ਼ਾਮਲ ਹੈ। ਇਹ ਰਿਪੋਰਟ ਏ. ਡੀ. ਜੀ. ਪੀ. ਹਰਪ੍ਰੀਤ ਸਿੱਧੂ ਦੀ ਅਗਵਾਈ ‘ਚ ਤਿਆਰ ਕੀਤੀ ਗਈ ਹੈ। ਪਿਛਲੇ ਦਿਨੀਂ ਡਰਗੱਜ਼ ਮਾਮਲੇ ਨੂੰ ਲੈ ਕੇ ਮਜੀਠੀਆ ‘ਤੇ ਮੁੜ ਲਗਾਤਾਰ ਦੋਸ਼ ਲੱਗ ਰਹੇ ਸਨ।