ਪਟਿਆਲਾ, 20 ਦਸੰਬਰ (ਬਿਊਰੋ)- ਪਟਿਆਲਾ-ਸਰਹਿੰਦ ਰੋਡ ’ਤੇ ਇਕ ਕਾਰ ਅਤੇ ਰੇਹੜੀ ਚਾਲਕ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਤੋਂ ਬਾਅਦ ਗਰੀਬ ਰੇਹੜੀ ਵਾਲਾ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਗਰੀਬ ਰੇਹੜੀ ਵਾਲੇ ਲਈ ਰੱਬ ਬਣ ਕੇ ਬਹੁੜੇ ਅਤੇ ਤੁਰੰਤ ਆਪਣੀ ਪਾਇਲਟ ਗੱਡੀ ਵਿਚ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ। ਦਰਅਸਲ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਨਵਜੋਤ ਸਿੱਧੂ ਦਾ ਕਾਫਲਾ ਪਟਿਆਲਾ-ਸਰਹਿੰਦ ਰੋਡ ਤੋਂ ਲੰਘ ਰਿਹਾ ਸੀ।
ਇਸ ਦੌਰਾਨ ਸਿੱਧੂ ਨੂੰ ਜਦੋਂ ਹਾਦਸੇ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਆਪਣੇ ਕਾਫਲੇ ਨੂੰ ਰੋਕਿਆ ਅਤੇ ਜ਼ਖਮੀ ਰੇਹੜੀ ਚਾਲਕ ਨੂੰ ਖੁਦ ਚੁੱਕ ਕੇ ਆਪਣੀ ਪਾਇਲਟ ਗੱਡੀ ਵਿਚ ਬਿਠਾ ਕੇ ਹਸਪਤਾਲ ਪਹੁੰਚਾਇਆ। ਇਸ ਦੌਰਾਨ ਸਿੱਧੂ ਨੇ ਮੌਕੇ ’ਤੇ ਹੀ ਆਪਣੀ ਜੇਬ ਵਿਚੋਂ ਜ਼ਖਮੀ ਦੇ ਇਲਾਜ ਲਈ ਪੈਸੇ ਦਿੱਤੇ। ਬਾਅਦ ਵਿਚ ਉਨ੍ਹਾਂ ਡਾਕਟਰ ਨੂੰ ਫੋਨ ਕਰਕੇ ਜ਼ਖਮੀ ਵਿਅਕਤੀ ਦਾ ਹਾਲ ਜਾਣਿਆ ਅਤੇ ਡਾਕਟਰ ਨੂੰ ਆਪਣੇ (ਸਿੱਧੂ ਦੇ) ਖ਼ਰਚੇ ’ਤੇ ਇਲਾਜ ਕਰਨ ਦੀ ਗੱਲ ਆਖੀ।