ਬਹਾਦੁਰਗੜ੍ਹ, 11 ਦਸੰਬਰ (ਦਲਜੀਤ ਸਿੰਘ)- ਕਿਸਾਨਾਂ ਦੀ ਘਰ ਵਾਪਸੀ ਦੇ ਨਾਲ ਹੀ ਦਿੱਲੀ ਪੁਲਸ ਨੇ ਟਿਕਰੀ ਸਰਹੱਦ ਤੋਂ ਬੈਰੀਕੇਡਜ਼ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਦਿੱਲੀ-ਰੋਹਤਕ ਨੈਸ਼ਨਲ ਹਾਈਵੇਅ ਦਾ ਰਸਤਾ ਪੁਲਸ ਵਲੋਂ ਆਮ ਲੋਕਾਂ ਲਈ ਜਲਦ ਖੋਲ੍ਹ ਦਿੱਤਾ ਜਾਵੇਗਾ। ਪੁਲਸ ਨੇ ਇੱਥੇ ਬਣੀਆਂ ਕੰਕ੍ਰੀਟ ਦੀਆਂ ਕੰਧਾਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਬਣੇ ਹੋਏ ਸੀਮੈਂਟ ਦੇ ਬੈਰੀਕੇਡ ਤੋੜੇ ਜਾ ਰਹੇ ਹਨ। ਦੱਸਣਯੋਗ ਹੈ ਕਿ ਸਰਹੱਦ ਬੰਦ ਹੋਣ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਇਸ ਦੇ ਨਾਲ ਹੀ ਬਹਾਦੁਰਗੜ੍ਹ ਦੀ ਉਦਯੋਗਿਕ ਇਕਾਈਆਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਸੀ। ਕਿਸਾਨ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਹੁਣ ਆਮ ਲੋਕ ਰਾਹਤ ਦਾ ਸਾਹ ਲੈਣਗੇ।
ਦੱਸਣਯੋਗ ਹੈ ਕਿ ਦਿੱਲੀ-ਜੈਪੁਰ ਨੈਸ਼ਨਲ ਹਾਈਵੇਅ ’ਤੇ ਸਥਿਤ ਖੇੜਾ ਬਾਰਡਰ ’ਤੇ ਦੋਵੇਂ ਪਾਸੇ ਦੀ ਸਰਵਿਸ ਲੇਨ ਖੋਲ੍ਹ ਦਿੱਤੀ ਗਈ। ਅੱਜ ਪੂਰਾ ਹਾਈਵੇਅ ਖੁੱਲ੍ਹਣ ਦੀ ਉਮੀਦ ਹੈ। ਜੇ.ਐਂਡ.ਕੇ., ਹਿਮਾਚਲ, ਪੰਜਾਬ ਅਤੇ ਚੰਡੀਗੜ੍ਹ ਤੋਂ ਆਉਣ ਵਾਲੇ ਹਲਕੇ ਵਾਹਨ ਗਾਜ਼ੀਆਬਾਦ ਅਤੇ ਨੋਇਡਾ ਜਾਣ ਨੂੰ ਐੱਨ.ਐੱਚ.-44 ਤੋਂ ਕੇ.ਜੀ.ਪੀ. ਦਾ ਇਸਤੇਮਾਲ ਕਰੇ। ਨਾਲ ਹੀ ਬਾਗਪਤ, ਖੇਕੜਾ, ਲੋਨੀ ਬਾਰਡਰ ਹੁੰਦੇ ਹੋਏ ਦਿੱਲੀ ਜਾ ਸਕਦੇ ਹਨ। ਦੂਜੇ ਪਾਸੇ ਬੈਰੀਕੇਡਜ਼ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕੁੰਡਲੀ ਬਾਰਡਰ ਤੋਂ ਕਿਸਾਨਾਂ ਦੇ ਜਾਣ ਤੋਂ ਬਾਅਦ ਬੈਰੀਕੇਡਜ਼ ਹਟਾਉਣ ਦਾ ਕੰਮ ਸ਼ੁਰੂ ਹੋਵੇਗਾ। ਰਸਤਾ ਪੂਰੀ ਤਰ੍ਹਾਂ ਸਹੀ ਹੋਣ ’ਚ 10-15 ਦਿਨ ਲੱਗ ਸਕਦੇ ਹਨ।