ਬੇਗੋਵਾਲ, 6 ਦਸੰਬਰ (ਬਿਊਰੋ)- ਕਰੀਬ 1 ਸਾਲ ਤੋਂ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਨੂੰ ਲਗਾਤਾਰ ਜਰੂਰੀ ਵਸਤਾਂ ਦੇਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋ ਕਿਸਾਨ ਯੂਨੀਅਨ ਨਡਾਲਾ ਨੂੰ ਦਿੱਤੀਆਂ ਵਧੀਆ ਸੇਵਾਵਾਂ ਕਰ ਕੇ ਸਨਮਾਨਿਤ ਕੀਤਾ ਗਿਆ ਹੈ । ਇਸ ਸਬੰਧੀ ਸੰਯੁਕਤ ਮੋਰਚੇ ਦੀ ਅਗਵਾਈ ਹੇਠ ਸਿੰਘੂ ਬਾਰਡਰ ਦੀ ਸਾਂਝੀ ਸਟੇਜ ਤੇ ਬੁਲਾ ਕੇ 32 ਕਿਸਾਨ ਜਥੇਬੰਦੀਆ ਦੀ ਹਾਜ਼ਰੀ ਵਿੱਚ ਨਡਾਲਾ ਯੂਨੀਅਨ ਵੱਲੋਂ ਇਹ ਸਨਮਾਨ ਹਰਜਿੰਦਰ ਸਿੰਘ ਸਾਹੀ ਤੇ ਨਵਜਿੰਦਰ ਸਿੰਘ ਬੱਗਾ ਗੁਰਾਇਆ, ਅਤੇ ਰਘਵਿੰਦਰ ਸਿੰਘ ਸਾਹੀ ਨੇ ਪ੍ਰਰਾਪਤ ਕੀਤਾ । ਇਸ ਮੌਕੇ ਕਿਸਾਨ ਯੂਨੀਅਨ ਨਡਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦਾ ਸਨਮਾਨਿਤ ਕਰਨ ਲਈ ਧੰਨਵਾਦ ਕਰਦਿਆਂ ਆਖਿਆ ਕਿ ਕਿਸਾਨ ਸੰਘਰਸ਼ ਇੱਕ ਵਾਰ ਦੁਨੀਆ ‘ਤੇ ਨਵਾਂ ਇਤਿਹਾਸ ਸਿਰਜਿਆ ਹੈ ।
ਸੰਘਰਸ਼ ਕਰਨ ਵਾਲੇ ਲੋਕ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ । ਮੋਦੀ ਸਰਕਾਰ ਤੇ ਉਸ ਦੇ ਮੰਤਰੀ ਲਗਾਤਾਰ ਕਿਸਾਨਾਂ ਤੇ ਦੇਸ਼ ਨੂੰ ਗੁਮਰਾਹ ਕਰ ਰਹੇ ਸਨ । ਹੁਣ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਪਣੀ ਹਾਰ ਦੇ ਡਰ ਤੋਂ ਕੇਦਰ ਸਰਕਾਰ ਨੂੰ ਕਿਸਾਨਾਂ ਦੇ ਸਾਂਤਮਈ ਸੰਘਰਸ਼ ਅੱਗੇ ਆਪਣੇ ਗੋਡੇ ਟੇਕ ਦਿੱਤੇ ਹਨ । ਇਸ ਮੌਕੇ ਉਨ੍ਹਾਂ ਸਾਰੇ ਇਲਾਕਾ ਵਾਸੀ ਕਿਸਾਨਾਂ, ਉਹਨਾਂ ਦੇ ਪਰਿਵਾਰਾਂ, ਪਰਵਾਸੀ ਭਾਰਤੀਆਂ ਦੇ ਹਾਰਦਿਕ ਧੰਨਵਾਦ ਕਰਦਿਆਂ ਆਖਿਆ ਕਿ ਇਹਨਾਂ ਦੀ ਬਦੌਲਤ ਨਡਾਲਾ ਕੈਂਪ ,ਚ ਜਰੂਰੀ ਵਸਤਾਂ ਦੀ ਸਪਲਾਈ ‘ਚ ਕਦੇ ਤੋਟ ਨਹੀਂ ਆਈ। ਆਉਦੇ ਸਮੇ ਵਿਚ ਵੀ ਉਹ ਆਸ ਕਰਦੇ ਹਨ ਕਿ ਸੰਗਤਾਂ ਵੱਲੋਂ ਸਾਂਝੇ ਕੰਮਾਂ ਵਿੱਚ ਸਹਿਯੋਗ ਮਿਲਦਾ ਰਹੇਗਾ ।