ਮਸ਼ਹੂਰ ਪੰਜਾਬੀ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਦਾ 79 ਸਾਲ ਦੀ ਉਮਰ ‘ਚ ਦੇਹਾਂਤ, ਸੋਮਵਾਰ ਨੂੰ ਹੋਵੇਗਾ ਸਸਕਾਰ

ਲੁਧਿਆਣਾ: ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਅੱਜ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਆਖਿਆ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੈ। ਉਨ੍ਹਾਂ ਨੇ ਲੁਧਿਆਣਾ ਵਿਖੇ ਆਖਰੀ ਸਾਹ ਲਏ। ਉਹ ਪੰਜਾਬੀ ਦੇ ਮਸ਼ਹੂਰ ਸ਼ਾਇਰ ਵਜੋਂ ਜਾਣੇ ਜਾਂਦੇ ਸਨ।ਪਾਤਰ ਸਾਹਿਬ ਦੇ ਘਰ ਗੱਲ ਕਰਦੇ ਹੋਏ ਉਹਨਾਂ ਦੇ ਭਾਣਜੇ ਜਸਵੀਰ ਸਿੰਘ ਤੇ ਬਲਵੀਰ ਸਿੰਘ ਨੇ ਦੱਸਿਆ ਕੀ ਸੁਰਜੀਤ ਪਾਤਰ ਦੀ ਮ੍ਰਿਤਕ ਦੇਹ ਨੂੰ ਡੀਐਮਸੀ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਦਾ ਸਸਕਾਰ 13 ਮਈ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਮਾਡਲ ਟਾਊਨ ਐਕਸਟੈਂਸ਼ਨ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਅਫਸੋਸ ਦਾ ਪ੍ਰਗਟਾਵਾ ਕਰਨ ਲਈ ਜਿੱਥੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਪੁੱਜੇ ਉੱਥੇ ਨਾਲ ਹੀ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਦੇ ਜਥੇਬੰਦੀਆਂ ਦੇ ਆਗੂਆਂ ਨੇ ਵੀ ਪਾਤਰ ਸਾਹਿਬ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਦੁੱਖ ਦਾ ਪ੍ਰਗਟਾਵਾ ਕਰਨ ਵਾਲੀਆਂ ਹਾਜ਼ਰ ਸ਼ਖਸੀਅਤਾਂ ਵਿੱਚ ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ, ਮਲਕੀਤ ਸਿੰਘ ਦਾਖਾ, ਦਰਸ਼ਨ ਸਿੰਘ ਸ਼ਿਵਾਲਿਕ, ਗੀਤਕਾਰ ਸਰਬਜੀਤ ਸਿੰਘ ਵਿਰਦੀ ਅਤੇ ਨਿਰਮਲ ਜੋੜਾ ਦਾ ਨਾਂ ਸ਼ਾਮਿਲ ਹੈ। ਦੁੱਖ ਦਾ ਪ੍ਰਗਟਾਵਾ ਕਰਨ ਲਈ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਡਾਕਟਰ ਗੁਰਇਕਬਾਲ ਸਿੰਘ, ਪਾਤਰ ਸਾਹਿਬ ਦੇ ਸ਼ਗਿਰਦ ਅਤੇ ਸੂਫੀ ਗਾਇਕ ਦੇਵ ਦਿਲਦਾਰ ਵੀ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ।ਅਫਸੋਸ ਦਾ ਪ੍ਰਗਟਾਵਾ ਕਰਨ ਲਈ ਪਾਤਰ ਸਾਹਿਬ ਦੇ ਗ੍ਰਹਿ ਵਿਖੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਪੁੱਜੇ।

Leave a Reply

Your email address will not be published. Required fields are marked *