ਸੁਖਬੀਰ ਬਾਦਲ ਨੇ ਮੁੜ ਤੋਂ ਵਰਲਡ ਕਬੱਡੀ ਕੱਪ ਕਰਵਾਉਣ ਦਾ ਕੀਤਾ ਐਲਾਨ, ਕਿਹਾ ‘5 ਕਰੋੜ ਹੋਵੇਗਾ ਇਨਾਮ’

badal/nawanpunjab.com

ਬਠਿੰਡਾ 6 ਦਸੰਬਰ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਬਠਿੰਡਾ ਵਿਖੇ ਕਬੱਡੀ ਦੇ ਖ਼ਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ‘ਤੇ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੀ ਸ਼ਾਨ ਮੁੜ ਸਿਖਰਾਂ ‘ਤੇ ਪਹੁੰਚਾਉਣ ਦਾ ਐਲਾਨ ਕੀਤਾ। ਡੱਬਵਾਲੀ ਰੋਡ, ਬਠਿੰਡਾ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਬੱਡੀ ਦੇ ਪੰਜਾਬ ਕੱਪ, ਕਬੱਡੀ ਲੀਗ ਅਤੇ ਵਿਸ਼ਵ ਕੱਪ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਮੁੜ ਤੋਂ ਵਰਲਡ ਕਬੱਡੀ ਕੱਪ ਕਰਵਾਏ ਜਾਣਗੇ, ਜਿਸ ਦਾ ਪਹਿਲਾ ਇਨਾਮ ਪੰਜ ਕਰੋੜ ਰੁਪਏ ਦਾ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਕਬੱਡੀ ਕੱਪ ਵੀ ਕਰਵਾਏ ਜਾਣਗੇ, ਜਿਸ ਵਿਚ ਜ਼ਿਲ੍ਹਾ ਪੱਧਰ ਦੇ ਖਿਡਾਰੀ ਆਪਣੀਆਂ ਟੀਮਾਂ ਨਾਲ ਖੇਡਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਵਿੱਚੋਂ ਚੰਗੇ ਖਿਡਾਰੀ ਚੁਣ ਕੇ ਕਬੱਡੀ ਲੀਗ ਕਰਵਾਈ ਜਾਵੇਗੀ, ਜਿਸ ਨਾਲ ਪੰਜਾਬੀ ਖੇਡ ਕਬੱਡੀ ਦੁਨੀਆਂ ’ਚ ਪਹਿਲਾਂ ਦੀ ਤਰ੍ਹਾਂ ਵਿਖਾਈ ਦੇਵੇਗੀ।

ਸੁਖਬੀਰ ਬਾਦਲ ਨੇ ਕਬੱਡੀ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਖੇਡਾਂ ਰਾਹੀਂ ਜ਼ਖ਼ਮੀ ਹੋਣ ਵਾਲੇ ਖਿਡਾਰੀਆਂ ਦਾ ਭਵਿੱਖ ਵੀ ਸੁਰੱਖਿਅਤ ਕੀਤਾ ਜਾਵੇਗਾ। ਖਿਡਾਰੀਆਂ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਪੁਰਾਣੇ ਖਿਡਾਰੀਆਂ ਨੂੰ ਵੀ ਉਨ੍ਹਾਂ ਦੀ ਯੋਗਤਾ ਦੇ ਆਧਾਰ ’ਤੇ ਰੁਜ਼ਗਾਰ ਦਿੱਤਾ ਜਾਵੇ। ਖ਼ਿਡਾਰੀਆਂ ਲਈ ਜੋ ਵੀ ਹੋਰ ਸਹੂਲਤਾਵਾਂ ਹੋਈਆਂ, ਉਹ ਸਭ ਉਨ੍ਹਾਂ ਵਲੋਂ ਦਿੱਤੀਆਂ ਜਾਣਗੀਆਂ।
ਸੁਖਬੀਰ ਬਾਦਲ ਨੇ ਕਿਹਾ ਕਿ ਉਹ ਖ਼ਿਡਾਰੀਆਂ ਦੇ ਖੇਡਣ ਲਈ ਵਧੀਆਂ ਅਤੇ ਚੰਗੇ ਸਟੇਡੀਅਮ ਦੇ ਨਾਲ-ਨਾਲ ਖੇਡ ਦੇ ਮੈਦਾਨ ਤਿਆਰ ਕਰਵਾਉਂਣਗੇ, ਜਿਥੇ-3 ਤੋਂ 4 ਹਜ਼ਾਰ ਦੇ ਕਰੀਬ ਲੋਕ ਬੈਠ ਕੇ ਮੈਚ ਵੇਖ ਸਕਣ। ਮੈਦਾਨ ’ਚ ਖ਼ਾਸ ਤਰ੍ਹਾਂ ਦੀਆਂ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂਕਿ ਖ਼ਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ।

Leave a Reply

Your email address will not be published. Required fields are marked *