ਗੜ੍ਹਸ਼ੰਕਰ : ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਚ ਬਜ਼ੁਰਗ ਐੱਨਆਰਆਈ ਤੇ ਇੱਕ ਔਰਤ ਦਾ ਕਤਲ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਕਨੇਡਾ ਤੋਂ ਆਏ ਸੰਤੋਖ ਸਿੰਘ ਪੁੱਤਰ ਗਿਆਨ ਸਿੰਘ (62) ਵਾਸੀ ਮੋਰਾਂਵਾਲੀ ਪਿਛਲੇ ਕੁੱਝ ਦਿਨਾਂ ਤੋਂ ਕਨੇਡਾ ਤੋਂ ਆ ਕੇ ਆਪਣੇ ਘਰ ਰਹਿ ਰਿਹਾ ਸੀ। ਪਿਛਲੇ ਕੁਝ ਸਾਲਾਂ ਤੋਂ ਉਸ ਦੀ ਘਰ ਦੀ ਦੇਖਭਾਲ ਕਰ ਰਹੀ ਮਨਜੀਤ ਕੌਰ ਪਤਨੀ ਲਖਵਿੰਦਰ ਸਿੰਘ (50) ਵਾਸੀ ਪਿੰਡ ਬਾਠ ਨੂਰਮਹਿਲ ਹਾਲ ਵਾਸੀ ਮੋਰਾਂਵਾਲੀ ਉਸ ਦੇ ਘਰ ਦੀ ਦੇਖਭਾਲ ਕਰ ਰਹੀ ਸੀ।
ਵੀਰਵਾਰ ਸਵੇਰ ਨੂੰ ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲੀ ਅਤੇ ਪੁਲਿਸ ਨੇ ਐੱਸਪੀਡੀ ਮੁਕੇਸ਼ ਕੁਮਾਰ, ਡੀਐੱਸਪੀ ਗੜ੍ਹਸ਼ੰਕਰ ਜਸਪ੍ਰੀਤ ਸਿੰਘ ਅਤੇ ਐੱਸਐੱਚਓ ਗਗਨਦੀਪ ਸਿੰਘ ਦੀ ਅਗਵਾਈ ਹੇਠ ਕਾਰਵਾਈ ਆਰੰਭ ਕਰ ਦਿੱਤੀ। ਐੱਸਪੀਡੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਮਨਜੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ਸੂਚਨਾ ਦਿੱਤੀ ਕਿ ਮਨਜੀਤ ਕੌਰ ਨਾਲ ਸੰਪਰਕ ਨਹੀਂ ਹੋ ਰਿਹਾ। ਜਦ ਉਨ੍ਹਾਂ ਆ ਕੇ ਵੇਖਿਆ ਤਾਂ ਘਰ ਵਿੱਚ ਦੋਵਾਂ ਦੀਆਂ ਲਾਸ਼ਾਂ ਖੂਨ ਨਾਲ ਲਿਬੜੀਆਂ ਪਈਆਂ ਸਨ।
ਉਨ੍ਹਾਂ ਦੱਸਿਆ ਕਿ ਫੋਰੈਂਸਿਕ ਟੀਮ ਇਸ ਦੀ ਜਾਂਚ ਕਰਕੇ ਪਤਾ ਲਗਾਵੇਗੀ ਕਿ ਇਹ ਘਟਨਾ ਕਦੋਂ ਵਾਪਰੀ ਪਰ ਲਾਸ਼ਾਂ ਦੀ ਹਾਲਤ ਵੇਖ ਕੇ ਇਹ ਕਤਲ ਘੱਟੋ-ਘੱਟ 36 ਘੰਟੇ ਪਹਿਲਾਂ ਹੋਏ ਲੱਗਦੇ ਹਨ।
