ਚੰਡੀਗੜ੍ਹ, 6 ਨਵੰਬਰ (ਵਿਕਰਮਜੀਤ ਸਿੰਘ ) – ਪੈਟਰੋਲ – ਡੀਜ਼ਲ ‘ਤੇ ਪੰਜਾਬ ‘ਚ ਵੈਟ ਘਟਾਉਣ ਦੀ ਮੰਗ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਦਫ਼ਤਰ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਬਰਦਸਤ ਧਰਨੇ ਮਗਰੋਂ ਚੰਡੀਗੜ੍ਹ ਪੁਲਿਸ ਵਲੋਂ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਆਗੂਆਂ ਨੂੰ ਹਿਰਾਸਤ ‘ਚ ਲਿਆ ਗਿਆ | ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਇਕੱਠ ਦੌਰਾਨ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਕਈ ਕਿੱਲੋਮੀਟਰ ਤੱਕ ਇਲਾਕਾ ਕੇਸਰੀ ਝੰਡਿਆਂ ਨਾਲ ਰੰਗਿਆ ਦਿਖਾਈ ਦਿੱਤਾ |
ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਦੌਰਾਨ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ ਸਮੇਤ ਕਈ ਵਿਧਾਇਕ ਅਤੇ ਯੂਥ ਆਗੂ ਪੁਲਿਸ ਵਲੋਂ ਹਿਰਾਸਤ ‘ਚ ਲਏ ਗਏ ਹਨ, ਜਦਕਿ ਬਿਕਰਮ ਸਿੰਘ ਮਜੀਠੀਆ ਅਤੇ ਕਈ ਹੋਰ ਆਗੂ ਅਜੇ ਵੀ ਧਰਨੇ ਵਾਲੀ ਥਾਂ ‘ਤੇ ਡਟੇ ਹੋਏ ਹਨ | ਪੁਲਿਸ ਉਨ੍ਹਾਂ ਨੂੰ ਹਿਰਾਸਤ ‘ਚ ਲੈਣ ਦੀ ਤਿਆਰੀ ਕਰ ਰਹੀ ਹੈ |