ਐਡਵੋਕੇਟ ਜਨਰਲ ਨੇ ਸਿੱਧੂ ਖ਼ਿਲਾਫ਼ ਖੋਲ੍ਹਿਆ ਮੋਰਚਾ, ਪਹਿਲੀ ਵਾਰ ਦਿੱਤਾ ਠੋਕਵਾਂ ਜਵਾਬ

advocat/nawanpunjab.com

ਚੰਡੀਗੜ੍, 6 ਨਵੰਬਰ (ਦਲਜੀਤ ਸਿੰਘ)- ਪੰਜਾਬ ਦੇ ਏ. ਜੀ. (ਐਡਵੋਕੇਟ ਜਨਰਲ) ਅਮਰਪ੍ਰੀਤ ਸਿੰਘ ਦਿਓਲ ਨੇ ਨਵਜੋਤ ਸਿੱਧੂ ’ਤੇ ਪਹਿਲਾ ਵੱਡਾ ਹਮਲਾ ਬੋਲਿਆ ਹੈ। ਏ. ਜੀ. ਦਿਓਲ ਨੇ ਆਖਿਆ ਹੈ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਫਾਇਦੇ ਲਈ ਗ਼ਲਤ ਜਾਣਕਾਰੀ ਫੈਲਾਅ ਰਹੇ ਹਨ। ਦਿਓਲ ਨੇ ਆਖਿਆ ਹੈ ਕਿ ਸਰਕਾਰ ਅਤੇ ਮੇਰੇ ਦਰਮਿਆਨ ਕੀਤੇ ਜਾਣ ਵਾਲੇ ਕੰਮਾਂ ਵਿਚ ਨਵਜੋਤ ਸਿੱਧੂ ਰੋੜਾ ਬਣ ਰਹੇ ਹਨ। ਨਵਜੋਤ ਸਿੱਧੂ ਵਲੋਂ ਲਗਾਏ ਜਾ ਰਹੇ ਦੋਸ਼ਾਂ ਤੋਂ ਬਾਅਦ ਏ. ਜੀ. ਏ. ਪੀ. ਐੱਸ. ਦਿਓਲ ਦਾ ਇਹ ਪਹਿਲਾ ਅਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਜਦੋਂ ਤੋਂ ਏ. ਪੀ.ਐੱਸ. ਦਿਓਲ ਨੂੰ ਏ. ਜੀ. ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ, ਉਸੇ ਦਿਨ ਤੋਂ ਸਿੱਧੂ ਖੁੱਲ੍ਹ ਕੇ ਉੁਨ੍ਹਾਂ ਦਾ ਵਿਰੋਧ ਕਰਦੇ ਰਹੇ ਹਨ। ਸਿੱਧੂ ਦਾ ਕਹਿਣਾ ਹੈ ਦਿਓਲ ਉਹੀ ਵਕੀਲ ਹਨ, ਜਿਨ੍ਹਾਂ ਨੇ ਸੁਮੇਧ ਸਿੰਘ ਸੈਣੀ ਨੂੰ ਬੇਲ ਦਿਵਾਈ ਸੀ। ਫਿਰ ਦਿਓਲ ਨੂੰ ਏ. ਜੀ. ਦੇ ਅਹੁਦੇ ’ਤੇ ਤਾਇਨਾਤ ਕਿਵੇਂ ਕੀਤਾ ਜਾ ਸਕਦਾ ਹੈ।

ਇਹ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਚਰਨਜੀਤ ਚੰਨੀ ਦੀ ਸਰਕਾਰ ਦੇ ਵਿਸਤਾਰ ਤੋਂ ਬਾਅਦ ਪਿਛਲੇ ਮਹੀਨੇ ਏ. ਪੀ. ਐੱਸ. ਦਿਓਲ ਨੂੰ ਏ. ਜੀ ਲਗਾਇਆ ਗਿਆ ਸੀ। ਇਸ ਮਗਰੋਂ ਹੀ ਵਿਵਾਦ ਖੜ੍ਹਾ ਹੋ ਗਿਆ। ਨਵਜੋਤ ਸਿੱਧੂ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ, ਜਦੋਂ ਉਨ੍ਹਾਂ ਦੀ ਨਹੀਂ ਸੁਣੀ ਗਈ ਤਾਂ ਉਨ੍ਹਾਂ ਅਸਤੀਫ਼ਾ ਦੇ ਦਿੱਤਾ। ਇਸ ਦੌਰਾਨ ਸਿੱਧੂ ਨੇ ਦਿਓਲ ’ਤੇ ਹਮਲੇ ਲਗਾਤਾਰ ਜਾਰੀ ਰੱਖੇ। ਜਿਸ ਤੋਂ ਏ. ਪੀ. ਐੱਸ. ਦਿਓਲ ਵਲੋਂ ਏ. ਜੀ. ਦੇ ਅਹੁਦੇ ਤੋਂ ਅਸਤੀਫਾ ਦੇਣ ਦੀਆਂ ਖ਼ਬਰਾਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਸਰਕਾਰ ਵਲੋਂ ਬਾਅਦ ਵਿਚ ਨਾਕਾਰ ਦਿੱਤਾ ਗਿਆ।

ਬੀਤੇ ਦਿਨੀਂ ਵੀ ਚੁੱਕੇ ਸਨ ਸਵਾਲ
ਬੀਤੇ ਦਿਨੀਂ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਸਿੱਧੂ ਨੇ ਪੰਜਾਬ ਪੁਲਸ ਪ੍ਰਮੁੱਖ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਕੇ ਵੀ ਸਰਕਾਰ ’ਤੇ ਸਿੱਧਾ ਨਿਸ਼ਾਨਾ ਸਾਧਿਆ। ਇਸ ਮੌਕੇ ਸਿੱਧੂ ਨੇ ਇਹ ਤੱਕ ਆਖ ਦਿੱਤਾ ਕਿ ਉਨ੍ਹਾਂ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਹੈ ਪਰ ਉਹ ਕਾਰਜਭਾਰ ਉਦੋਂ ਹੀ ਸੰਭਾਲਣਗੇ ਜਦੋਂ ਏ. ਜੀ. ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਸੁਰੱਖਿਆ ਕਵਚ ਦੇਣ ਵਾਲੇ ਫੈਸਲਾ ਕਿਵੇਂ ਕਰਨਗੇ। ਪਹਿਲਾਂ ਕਿਹਾ ਜਾਂਦਾ ਹੈ ਕਿ ਡੀ. ਜੀ. ਪੀ. ਅਤੇ ਐਡਵੋਕੇਟ ਜਨਰਲ ਬਾਦਲ ਲਗਾਉਂਦੇ ਹਨ। ਹੁਣ ਕੌਣ ਲਗਾ ਰਿਹਾ ਹੈ ? ਇਨ੍ਹਾਂ ਫੈਂਸਲਿਆਂ ਨੇ 3 ਕਰੋੜ ਪੰਜਾਬੀਆਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ। ਸਿੱਧੂ ਨੇ ਕਿਹਾ ਕਿ ਜਦੋਂ ਇਕ ਮੁੱਖ ਮੰਤਰੀ ਉਤਰਿਆ ਤਾਂ ਦੂਜਾ ਬਣਿਆ ਪਰ 5 ਸੂਤਰੀ ਏਜੰਡੇ ਵਿਚ ਬੇਅਦਬੀ ਅਤੇ ਨਸ਼ਾ ਵਰਗੇ ਦੋ ਮੁੱਦੇ ਅਹਿਮ ਮੁੱਦੇ ਕਾਇਮ ਹਨ। ਹੁਣ ਤਾਂ ਪਹਿਲਾਂ ਵਾਲਾ ਮੁੱਖ ਮੰਤਰੀ ਵੀ ਨਹੀਂ ਹੈ ਤਾਂ ਹੁਣ ਕੌਣ ਰੋਕ ਰਿਹਾ ਹੈ। ਹੁਣ ਤਾਂ 50 ਦਿਨ ਵੀ ਹੋ ਗਏ।

Leave a Reply

Your email address will not be published. Required fields are marked *