ਮੋਹਾਲੀ (11-10-2021) ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਵੱਲੋਂ ਸ਼੍ਰੀ ਮਨਪ੍ਰੀਤ ਸਿੰਘ ਚਾਹਲ ਪ੍ਰਧਾਨ, ਬਾਰ ਐਸੋਸੀਏਸ਼ਨ, ਮੋਹਾਲੀ ਅਤੇ ਸ਼੍ਰੀ ਭਾਗ ਸਿੰਘ ਸੋਹਾਗ-ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਚੰਡੀਗੜ੍ਹ ਦੇ ਵਿਸ਼ੇਸ਼ ਸਹਿਯੋਗ ਨਾਲ ਹੋਟਲ ਦਾਵਤ, ਫੇਸ 5, ਮੋਹਾਲੀ ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਈ. ਐੱਸ ਆਈ ਹਸਪਤਾਲ / ਡਿਸਪੈਂਸਰੀ, ਮੋਹਾਲੀ ਵਿਚ ਗਰੀਬ ਅਤੇ ਜ਼ਰੂਰਤਮੰਦ ਕਾਮਿਆਂ / ਈ. ਐੱਸ. ਆਈ ਦੇ ਇਨਸ਼ੋਰਡ ਵਿਅਕਤੀਆਂ ‘ਤੇ ਉਨ੍ਹਾਂ ਦੇ ਵਾਰਸਾਂ ਲਈ ਡਾਕਟਰੀ ਸਹੂਲਤਾਂ ਸੁਧਾਰਨ ਦੀ ਮੰਗ ਕੀਤੀ।
ਭਾਰਤ ਸਰਕਾਰ ਈ. ਐੱਸ. ਆਈ ਕਾਰਪੋਰੇਸ਼ਨ ਰਾਹੀਂ ਕਿਰਤੀਆਂ / ਇਨਸ਼ੋਰਡ ਵਿਅਕਤੀਆਂ ‘ਤੇ ਉਨ੍ਹਾਂ ਦੇ ਵਾਰਸਾਂ ਲਈ ਸਿਹਤ ਸੇਵਾਵਾਂ ਦਾ ਇੰਤਜ਼ਾਮ ਕਰਦੀ ਹੈ। ਈ. ਐੱਸ. ਆਈ ਕਨੂੰਨ, 1948 ਦੀਆਂ ਧਾਰਾਵਾਂ ਅਨੁਸਾਰ ਹਰ ਕਿਰਤੀ ਆਪਣੀ ਤਨਖਾਹ ਦਾ 4% ਯੋਗਦਾਨ ਹਰ ਮਹੀਨੇ ਫੈਕਟਰੀ ਮਾਲਕਾਂ ਕੋਲ ਕਟਾਉਂਦਾ ਹੈ ਅਤੇ ਫੈਕਟਰੀ ਮਾਲਕ ਆਪਣਾ ਹਿਸਾ ਉਸ ਵਿਚ ਪਾ ਕੇ ਹਰ ਮਹੀਨੇ ਦੀ 15 ਤਰੀਕ ਤੱਕ ਈ. ਐੱਸ. ਆਈ ਦੇ ਖਾਤੇ ਵਿਚ ਰਕਮ ਜਮਾਂ ਕਰਾਉਂਦੇ ਹਨ।ਈ. ਐੱਸ. ਆਈ ਕਨੂੰਨ 1948 ਦੀ ਧਾਰਾ 28 (1) ਅਨੁਸਾਰ ਕਿਰਤੀਆਂ ਨੂੰ ਉਨ੍ਹਾਂ ਅਤੇ ਉਨ੍ਹਾਂ ਦੇ ਵਾਰਸਾਂ ਦੇ ਇਲਾਜ ਲਈ ਕੁਝ ਸਹੂਲਤਾਂ ਮਿਲਦੀਆਂ ਹਨ। ਉਪਰੋਕਤ ਪੈਸੇ ਵਿਚੋਂ ਹੀ ਈ. ਐੱਸ. ਆਈ ਮਹਿਕਮੇਂ ਦੇ ਪੀਅਨ ਤੋਂ ਲੈ ਕੇ ਡਾਇਰੈਕਟਰ ਜਨਰਲ ਤੱਕ ਨੂੰ ਆਪਣੇ ਪਰਿਵਾਰ ਪਾਲਣ ਲਈ ਮੋਟੀਆਂ ਤਨਖਾਹਾਂ ਵੀ ਮਿਲਦੀਆਂ ਹਨ। ਫੇਰ ਵੀ ਈ. ਐੱਸ. ਆਈ ਕੋਲ ਇਕ ਲੱਖ ਕਰੋੜ ਰੁਪਏ ਈ. ਐੱਸ. ਆਈ ਫੰਡਾਂ ਵਿਚ ਵਾਧੂ ਪਏ ਹਨ, ਜੋ 21,000/- ਮਹੀਨਾ ਤੱਕ ਤਨਖਾਹ ਲੈਣ ਵਾਲੇ ਕਿਰਤੀਆਂ ਵੱਲੋਂ ਅਦਾ ਕੀਤੇ ਗਏ ਹਨ। ਪਰ ਅਫਸੋਸ ਦੀ ਗੱਲ ਹੈ ਕਿ ਉਪਰੋਕਤ ਰਾਸ਼ੀ ਪਈ ਹੋਣ ਦੇ ਬਾਵਜੂਦ ਈ. ਐੱਸ. ਆਈ ਹਸਪਤਾਲ / ਡਿਸਪੈਂਸਰੀ ਮੋਹਾਲੀ ਵਿਚ ਡਾਕਟਰੀ ਸਹੂਲਤਾਂ ਨਾਂ ਮਾਤਰ ਹਨ ਤੇ ਕਾਮਿਆਂ ਦੀ ਸਥਿਤੀ ਬਹੁਤ ਤਰਸਯੋਗ ਹੈ। ਮੋਹਾਲੀ ਜ਼ਿਲ੍ਹੇ ਦੇ ਕਾਮੇ ਈ. ਐੱਸ. ਆਈ ਲਈ ਹਰ ਮਹੀਨੇ 10 ਕਰੋੜ ਰੁਪਏ ਜਮਾਂ ਕਰਾਉਂਦੇ ਹਨ ਪਰ ਫੇਰ ਵੀ ਘੜੂੰਆਂ, ਸਿਆਲਬਾ ਮਾਜਰੀ, ਬੰਨ-ਮਾਜਰਾ ਅਤੇ ਸੈਕਟਰ 82 ਮੋਹਾਲੀ ਦੀਆਂ ਫੈਕਟਰੀਆਂ ਵਿਚ ਕੰਮ ਕਰਦੇ ਕਾਮਿਆਂ ਨੂੰ ਈ. ਐੱਸ. ਆਈ ਦੀਆਂ ਸਹੂਲਤਾਂ ਦੇਣ ਲਈ ਕੋਈ ਈ. ਐੱਸ. ਆਈ ਹਸਪਤਾਲ / ਡਿਸਪੈਂਸਰੀ ਨਹੀਂ ਖੋਲੀ ਗਈ। ਔਖੇ ਵੇਲੇ ਵਿਚ ਜਰੂਰਤਮੰਦ ਕਾਮਿਆਂ ਨੂੰ ਘੰਟਿਆਂ ਬੱਧੀ ਹੀ ਨਹੀਂ ਕਈ ਵਾਰ ਕਈ-ਕਈ ਦਿਨ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਹੋਰ ਵੀ ਮੁਸ਼ਕਲ ਹੁੰਦਾ ਹੈ ਮੁਸੀਬਤ ਪੈਣ ਉਤੇ ਰਾਤ-ਬਰਾਤੇ ਡਾਕਟਰਾਂ ਨੂੰ ਵਾਰ-ਵਾਰ ਫੋਨ ਕਰਕੇ ਸੱਦਣਾ। ਜੋ ਆਉਣ ਉਤੇ ਕਿਰਤੀਆਂ ਨੂੰ ਸੀਵਲ ਹਸਪਤਾਲ ਫੇਸ-6, ਜਨਰਲ ਹਸਪਤਾਲ ਸੈਕਟਰ 16 ਜਾਂ 32 ਅਤੇ ਪੀ. ਜੀ. ਆਈ ਚੰਡੀਗੜ੍ਹ ਨੂੰ ਰੈਫਰ ਕਰਦੇ ਹਨ। ਜਦ ਕਿ ਉਨ੍ਹਾਂ ਨੂੰ ਕਾਮਿਆਂ ਨੂੰ ਕੈਸ਼-ਲੈਸ ਸਹੂਲਤ ਨਾਲ ਇਲਾਜ ਕਰਨ ਵਾਲੇ ਈ. ਐੱਸ. ਆਈ ਕਾਰਪੋਰੇਸ਼ਨ ਦੇ ਪੈਨਲ ਵਾਲੇ ਹਸਪਤਾਲਾਂ ਨੂੰ ਰੈਫਰ ਕਰਨਾ ਚਾਹੀਦਾ ਹੈ। ਮੰਦਭਾਗੀ ਗੱਲ ਹੈ ਕਿ ਕਿਰਤੀਆਂ ਨੂੰ ਸਰਕਾਰੀ ਹਸਪਤਾਲਾਂ ਵਿਚ ਇਲਾਜ ਉਪਰੰਤ ਮਹੀਨਿਆਂ ਤਕ ਪੈਸੇ ਵਾਪਸ ਵਸੂਲਣ ਲਈ ਲੰਮੇ ਸੰਘਰਸ਼ ਅਤੇ ਕਚਿਹਰੀਆਂ ਦੇ ਦਰਵਾਜੇ ਖੜਕਾਉਣੇ ਪੈਂਦੇ ਹਨ। ਮੋਹਾਲੀ ਇੰਡਸਟਰੀ ਐਸੋਸੀਏਸ਼ਨ ਵੱਲੋਂ ਵੀ ਆਪਣੇ ਮੈਂਬਰ ਫੈਕਟਰੀ ਮਾਲਕਾਂ ਦੀਆਂ ਮੁਸ਼ਕਲਾਂ ਬਾਰੇ ਅਨੇਕਾਂ ਸ਼ਿਕਾਇਤਾਂ ਈ. ਐੱਸ. ਆਈ ਨੂੰ ਦਿੱਤੀਆਂ ਗਈਆਂ ਪਰ ਪੰਨਤਾਲਾ ਫੇਰ ਉਥੇ ਦਾ ਉਥੇ ਹੀ ਹੈ।
ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕਰਮ ਸਿੰਘ ਵਕੀਲ ਅਤੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਮੋਹਾਲੀ ਦੇ ਪ੍ਰਧਾਨ-ਸ਼੍ਰੀ ਮਨਪ੍ਰੀਤ ਸਿੰਘ ਚਾਹਲ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਚੰਡੀਗੜ੍ਹ ਦੇ ਪ੍ਰਧਾਨ ਸ਼੍ਰੀ ਭਾਗ ਸਿੰਘ ਸੋਹਾਗ ਨੇ ਅੱਜ ਸਾਂਝੇ ਪ੍ਰੈਸ ਨੋਟ ਰਾਹੀਂ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਹੇਠ ਲਿਖੀਆਂ ਮੰਗਾਂ ਉਭਾਰੀਆਂ:-
- ਈ. ਐੱਸ ਆਈ ਹਸਪਤਾਲ / ਡਿਸਪੈਂਸਰੀ ਮੋਹਾਲੀ ਹੁਣ ਸਵੇਰੇ 8 ਵਜੇ ਤੋਂ 2 ਵਜੇ ਤੱਕ ਸਿਰਫ 6 ਘੰਟੇ ਲਈ ਹੀ ਖੁੱਲਦੀ ਹੈ ਜੋ ਕਿ ਉਚਿਤ ਨਹੀਂ। ਇਸ ਨੂੰ 24 ਘੰਟੇ ਦਿਨ-ਰਾਤ ਇਲਾਜ ਲਈ ਖੋਲਿਆ ਜਾਵੇ।
- ਈ. ਐੱਸ ਆਈ ਹਸਪਤਾਲ / ਡਿਸਪੈਂਸਰੀ ਮੋਹਾਲੀ ਕਿਰਤੀਆਂ ਨੂੰ ਸੀਵਲ ਹਸਪਤਾਲ ਫੇਸ-6, ਜਨਰਲ ਹਸਪਤਾਲ ਸੈਕਟਰ 16 ਜਾਂ 32 ਅਤੇ ਪੀ. ਜੀ. ਆਈ ਚੰਡੀਗੜ੍ਹ ਨੂੰ ਰੈਫਰ ਕਰਨ ਦੀ ਥਾਂ, ਕੈਸ਼-ਲੈਸ ਸਹੂਲਤ ਨਾਲ ਇਲਾਜ ਕਰਨ ਵਾਲੇ ਈ. ਐੱਸ. ਆਈ ਕਾਰਪੋਰੇਸ਼ਨ ਦੇ ਪੈਨਲ ਵਾਲੇ ਹਸਪਤਾਲਾਂ ਨੂੰ ਹੀ ਰੈਫਰ ਕਰਨ।
- ਈ. ਐੱਸ ਆਈ ਹਸਪਤਾਲ / ਡਿਸਪੈਂਸਰੀ ਮੋਹਾਲੀ ਵਿਚ ਅੱੈਮ. ਡੀ ਡਾਕਟਰਾਂ ਦੀ ਟੀਮ ਲਈ ਜਾਵੇ ਅਤੇ ਐੱਸ. ਐੱਮ. ਓ. ਬਦਲੇ ਜਾਣ। ਹਸਪਤਾਲ ਦਾ ਹਰ ਵਾਰਡ ਸਾਫ-ਸੁਧਰਾ ਹੋਏ।
- ਈ. ਐੱਸ ਆਈ ਹਸਪਤਾਲ / ਡਿਸਪੈਂਸਰੀ ਮੋਹਾਲੀ ਵਿਚ ਆਈ. ਸੀ. ਯੂ ਅਤੇ ਉਪਰੇਸ਼ਨ ਥੀਏਟਰ ਦੀ ਸੁਵਿਧਾ ਵੀ ਕੀਤੀ ਜਾਵੇ। ਅੱਖਾਂ ਦਾ ਮਾਹਿਰ ਡਾਕਟਰ ਵੀ ਹੋਏ ਜੋ ਅੱਖਾਂ ਦੇ ਉਪਰੇਸ਼ਨ ਕਰ ਸਕਦਾ ਹੋਏ।
- ਐਂਬੂਲੈਂਸ ਦੀ ਸੁਵਿਧਾ 24 ਘੰਟੇ ਲਈ ਕਿਰਤੀਆਂ ਦੇ ਇਲਾਜ਼ ਲਈ ਈ. ਐੱਸ. ਆਈ. ਹਸਪਤਾਲ / ਡਿਸਪੈਂਸਰੀ ਮੋਹਾਲੀ ਵਿਚ ਉਪਲਬਧ ਕੀਤੀ ਜਾਵੇ।
- ਕਿਰਤੀਆਂ ਨੂੰ ਅਲਟਰਾਸਾਉਂਡ ਅਤੇ ਹੋਰ ਹਰ ਤਰਾਂ ਦੇ ਟੈਸਟਾਂ ਲਈ ਸਹੂਲਤਾਂ ਵੀ ਈ. ਐੱਸ. ਆਈ. ਹਸਪਤਾਲ / ਡਿਸਪੈਂਸਰੀ ਮੋਹਾਲੀ ਵਿਚ ਹੀ ਉਪਲਬਧ ਕੀਤੀਆਂ ਜਾਣ।
- ਈ. ਐੱਸ. ਆਈ. ਹਸਪਤਾਲ / ਡਿਸਪੈਂਸਰੀ ਮੋਹਾਲੀ ਵਿਚ ਹਾਉਸ ਕੀਪਿੰਗ ਅਤੇ ਸੁਰੱਖਿਆ ਦੇ ਉਚਿਤ ਇੰਤਜ਼ਾਮ ਹੋਣ ਅਤੇ ਮਰੀਜਾਂ ਜਾਂ ਉਨ੍ਹਾਂ ਨਾਲ ਆਏ ਲੋਕਾਂ ਦੇ ਖਾਣ-ਪੀਣ ਦਾ ਉਚਿਤ ਇੰਤਜ਼ਾਮ ਹੋਏ।
- ਕਿਰਤੀਆਂ ਦੇ ਬਿਲਾਂ ਦਾ ਫੌਰੀ ਅਤੇ ਬਿਨਾਂ ਦੇਰੀ ਭੁਗਤਾਨ ਕੀਤਾ ਜਾਣਾ ਵੀ ਸੁਨਿਸ਼ਚਿਤ ਹੋਏ। ਦੇਰੀ ਹੋਣ ਤੇ ਸਬੰਧਤ ਅਧਿਕਾਰੀ ਅਤੇ ਅਫਸਰ ਦੀ ਜ਼ਿੰਮੇਵਾਰੀ ਨਿਰਧਾਰਤ ਹੋਏ।
- ਈ. ਐੱਸ. ਆਈ. ਕਾਰਪੋਰੇਸ਼ਨ ਘੜੂੰਆਂ, ਸਿਆਲਬਾ ਮਾਜਰੀ, ਬੰਨ-ਮਾਜਰਾ ਅਤੇ ਸੈਕਟਰ 82 ਮੋਹਾਲੀ ਵਿਖੇ ਫੌਰੀ ਤੌਰ ਉਤੇ ਈ. ਐੱਸ. ਆਈ. ਹਸਪਤਾਲ / ਡਿਸਪੈਂਸਰੀ ਖੋਲਣ ਦਾ ਇੰਤਜ਼ਾਮ ਕੀਤਾ ਜਾਵੇ ਕਿਉਂਕਿ ਇਸ ਇਲਾਕੇ ਦੇ ਕਾਮੇ ਪਿਛਲੇ 20 ਸਾਲ ਤੋਂ ਵੱਧ ਸਮੇਂ ਤੋਂ ਕਨੂੰਨ ਅਨੁਸਾਰ ਆਪਣੀ ਬਣਦੀ ਰਾਸ਼ੀ ਤਾਂ ਜਮ੍ਹਾਂ ਕਰਾ ਰਹੇ ਹਨ ਪਰ ਅਨੇਕਾਂ ਅਪੀਲਾਂ-ਦਲੀਲਾਂ ਦੇ ਬਾਵਜੂਦ ਉਨ੍ਹਾਂ ਨੂੰ ਕਿਸੇ ਕਿਸਮ ਦੀ ਡਾਕਟਰੀ ਸੁਵਿਧਾ ਨਹੀਂ ਦਿੱਤੀ ਜਾ ਰਹੀ।
ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਦੇ ਪ੍ਰਧਾਨ-ਕਰਮ ਸਿੰਘ ਵਕੀਲ ਅਤੇ ਸੀਨੀਅਰ ਮੀਤ ਪ੍ਰਧਾਨ- ਜਸਵੀਰ ਸਿੰਘ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਮੋਹਾਲੀ ਦੇ ਪ੍ਰਧਾਨ-ਸ਼੍ਰੀ ਮਨਪ੍ਰੀਤ ਸਿੰਘ ਚਾਹਲ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਚੰਡੀਗੜ੍ਹ ਦੇ ਪ੍ਰਧਾਨ ਸ਼੍ਰੀ ਭਾਗ ਸਿੰਘ ਸੋਹਾਗ ਨੇ ਸਾਂਝੇ ਤੌਰ ਤੇ ਈ. ਐੱਸ. ਆਈ. ਕਾਰਪੋਰੇਸ਼ਨ ਚੰਡੀਗੜ੍ਹ ਦੇ ਰੀਜ਼ਨਲ ਡਾਇਰੈਕਟਰ ਸਾਹਿਬ ਨੂੰ ਫੌਰੀ ਤੌਰ ਉਤੇ ਉਪਰੋਕਤ ਮੰਗਾਂ ਉਤੇ ਗੌਰ ਫਰਮਾਉਣ ਅਤੇ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ।