ਚੰਡੀਗੜ੍ਹ, 13 ਜੂਨ
ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਦਲਿਤ ਵਰਗ ਦੇ ਲੱਖਾਂ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਰਾਸ਼ੀ ਖੁਰਦ ਬੁਰਦ ਕਰਨ ਦੇ ਰੋਸ ਵਜੋਂ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਿਹਾਇਸ਼ ਦਾ ਸੋਮਵਾਰ 14 ਜੂਨ ਨੂੰ ਸਵੇਰੇ 11 ਘਿਰਾਓ ਅਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਹ ਐਲਾਨ ਕਰਦਿਆਂ ਆਪ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਸਰਕਾਰ ਐਸ.ਸੀ ਵਿਦਿਆਰਥੀਆਂ ਦੀ ਬਕਾਇਆ ਰਾਸ਼ੀ 1539 ਕਰੋੜ ਰੁਪਏ ਜਾਰੀ ਨਹੀਂ ਕਰਦੀ ਉਦੋਂ ਤੱਕ ਆਮ ਆਦਮੀ ਪਾਰਟੀ ਵੱਲੋਂ ਲੜੀਵਾਰ ਭੁੱਖ ਹੜਤਾਲ ਜਾਰੀ ਰੱਖੀ ਜਾਵੇਗੀ।
ਐਤਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਆਪ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਸ਼ ਲਾਇਆ ਕਿ ਸੀਨੀਅਰ ਆਈ.ਏ.ਐਸ ਅਧਿਕਾਰੀ ਕਿਰਪਾ ਸਿਰੋਜ ਸ਼ੰਕਰ ਵੱਲੋਂ ਦਿੱਤੀ ਗਈ ਜਾਂਚ ਰਿਪੋਰਟ ਖੁਲਾਸਾ ਕੀਤਾ ਗਿਆ ਕਿ ਦਲਿਤ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਕਰੋੜਾਂ ਰੁਪਏ ਦੀ ਗਰਾਂਟ ਵਿੱਚ ਸਬੰਧਤ ਮੰਤਰੀ ਨੇ ਘੁਟਾਲਾ ਕੀਤਾ ਹੈ ਅਤੇ ਆਪਣੇ ਚਹੇਤਿਆਂ ਦੇ ਦੋ ਕਾਲਜਾਂ ਨੂੰ ਕਰੋੜਾਂ ਰੁਪਏ ਦੀ ਵਜ਼ੀਫਾ ਰਾਸ਼ੀ ਦਿੱਤੀ ਹੈ, ਜਦੋਂ ਕਿ ਇਨਾਂ ਕਾਲਜਾਂ ਦਾ ਕੋਈ ਵਾਜ਼ੂਦ ਹੀ ਨਹੀਂ ਹੈ।