ਪੰਜਾਬੀ ਸਿਨੇਮਾ ਦੇ ਮਸ਼ਹੂਰ ਕਾਮੇਡੀਅਨ ਡਾ. ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਕਲਾ ਜਗਤ ‘ਚ ਸੋਗ ਦੀ ਲਹਿਰ

ਐੱਸਏਐੱਸ ਨਗਰ : ਪੰਜਾਬੀ ਸਿਨੇਮਾ ਅਤੇ ਹਾਸਰਸ ਦੇ ਮਹਾਨ ਕਲਾਕਾਰ ਡਾ. ਜਸਵਿੰਦਰ ਭੱਲਾ (65) ਦਾ ਸ਼ੁੱਕਰਵਾਰ ਸਵੇਰੇ ਦੇਹਾਂਤ ਹੋ ਗਿਆ। ਦੋ ਦਿਨ ਪਹਿਲਾਂ ਉਨ੍ਹਾਂ ਨੂੰ ਬ੍ਰੇਨ ਸਟਰੋਕ ਆਇਆ ਸੀ, ਜਿਸ ਤੋਂ ਬਾਅਦ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸ਼ੁੱਕਰਵਾਰ ਸਵੇਰੇ ਕਰੀਬ 4 ਵਜੇ ਉਨ੍ਹਾਂ ਅਖੀਰੀ ਸਾਹ ਲਿਆ। ਉਨ੍ਹਾਂ ਦਾ ਸਸਕਾਰ 23 ਅਗਸਤ ਦਿਨ ਸ਼ਨਿਚਰਵਾਰ ਦੁਪਹਿਰ 1 ਵਜੇ ਮੁਹਾਲੀ ਦੇ ਪਿੰਡ ਬਲੌਂਗੀ ‘ਚ ਕੀਤਾ ਜਾਵੇਗਾ। ਪਰਿਵਾਰ ਦੇ ਅਨੁਸਾਰ, ਉਨ੍ਹਾਂ ਦੀ ਧੀ ਜੋ ਦਸ ਦਿਨ ਪਹਿਲਾਂ ਯੂਰਪ ਗਈ ਸੀ, ਪਿਤਾ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਅੱਜ ਸ਼ਾਮ ਤਕ ਮੁਹਾਲੀ ਵਾਪਸ ਪਰਤ ਰਹੀ ਹਨ। ਉਨ੍ਹਾਂ ਦਾ ਪੁੱਤਰ ਘਰ ‘ਚ ਹੀ ਮੌਜੂਦ ਹੈ।

ਕਲਾਕਾਰਾਂ ਅਤੇ ਨੇਤਾਵਾਂ ਨੇ ਪ੍ਰਗਟਾਇਆ ਦੁੱਖ

ਬਾਲ ਮੁਕੰਦ ਸ਼ਰਮਾ (ਨੇੜਲੇ ਦੋਸਤ): “ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਸਾਡਾ ਚਾਲੀ ਸਾਲਾਂ ਪੁਰਾਣਾ ਰਿਸ਼ਤਾ ਸੀ। ਉਨ੍ਹਾਂ ਨੇ ਮੈਨੂੰ ਹਮੇਸ਼ਾ ਭਰਾ ਦਾ ਦਰਜਾ ਦਿੱਤਾ ਸੀ।”

ਕਾਮੇਡੀਅਨ ਪੰਮੀ: “ਦਿਲ ਅਤੇ ਸ਼ੂਗਰ ਦੀ ਬਿਮਾਰੀ ਕਰਕੇ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ। ਉਨ੍ਹਾਂ ਦਾ ਜਾਣਾ ਪੰਜਾਬੀ ਇੰਡਸਟਰੀ ਲਈ ਕਦੇ ਪੂਰੀ ਨਾ ਹੋਣ ਵਾਲੀ ਕਮੀ ਹੈ।”

ਮੁੱਖ ਮੰਤਰੀ ਭਗਵੰਤ ਮਾਨ: “ਛਣਕਟਿਆਂ ਦੀ ਛਣਕਾਰ ਦੇ ਮੁੱਕਣ ਨਾਲ ਮਨ ਦੁਖੀ ਹੈ। ‘ਚਾਚਾ ਚਤਰਾ’ ਹਮੇਸ਼ਾ ਸਾਡੇ ਦਿਲਾਂ ਵਿੱਚ ਸਦਾ ਜਿਊਂਦਾ ਰਹੇਗਾ।”

ਪੰਜਾਬ ਕਾਂਗਰਸ: “ਭੱਲਾ ਜੀ ਨੇ ਆਪਣੀ ਕਲਾ ਰਾਹੀਂ ਲੋਕਾਂ ਦੇ ਜੀਵਨ ਵਿੱਚ ਹਾਸਾ ਬਿਖੇਰਿਆ। ਉਹ ਹਮੇਸ਼ਾਂ ਸਾਡੇ ਦਿਲਾਂ ਵਿੱਚ ਰਹਿਣਗੇ।”

ਇੰਡਸਟਰੀ ਵਿੱਚ ਸ਼ਰਧਾਂਜਲੀਆਂ ਦੀ ਲਹਿਰ

ਡਾ. ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦੇਣ ਲਈ ਫ਼ਿਲਮੀ ਜਗਤ ਦੇ ਕਲਾਕਾਰ ਅਤੇ ਨੇਤਾ ਉਨ੍ਹਾਂ ਦੇ ਮੋਹਾਲੀ ਸਥਿਤ ਨਿਵਾਸ ‘ਤੇ ਪਹੁੰਚ ਰਹੇ ਹਨ।

ਗਿੱਪੀ ਗਰੇਵਾਲ (ਅਦਾਕਾਰ): “ਭੱਲਾ ਸਾਹਿਬ ਨਾਲ ਬਿਤਾਏ ਪਲ ਮੇਰੀ ਜ਼ਿੰਦਗੀ ਦੇ ਸਭ ਤੋਂ ਯਾਦਗਾਰ ਹਨ। ਉਹ ਮੇਰੇ ਲਈ ਪਿਤਾ ਵਰਗੇ ਸਨ। ਉਨ੍ਹਾਂ ਦਾ ਹਾਸ ਰਸ ਬੇਮਿਸਾਲ ਸੀ। ਉਨ੍ਹਾਂ ਦਾ ਜਾਣਾ ਪੰਜਾਬੀ ਫ਼ਿਲਮ ਜਗਤ ਲਈ ਵੱਡਾ ਘਾਟਾ ਹੈ।”

ਕਰਮਜੀਤ ਸਿੰਘ ਅਨਮੋਲ (ਅਦਾਕਾਰ ਅਤੇ ਨੇਤਾ): “ਭੱਲਾ ਸਾਹਿਬ ਜਿੰਨੇ ਵੱਡੇ ਕਲਾਕਾਰ ਸਨ, ਉਸ ਤੋਂ ਵੀ ਵੱਧ ਮਹਾਨ ਇਨਸਾਨ ਸਨ। ਉਹ ਹਮੇਸ਼ਾ ਨਵੇਂ ਕਲਾਕਾਰਾਂ ਨੂੰ ਪ੍ਰੇਰਿਤ ਕਰਦੇ ਸਨ। ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ।”

ਪ੍ਰੀਤੀ ਸਪਰੂ (ਅਦਾਕਾਰਾ): “ਮੈਨੂੰ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਗੱਲਬਾਤ ਹੋਈ ਸੀ। ਉਹ ਵੱਡੇ ਕਲਾਕਾਰ ਹੀ ਨਹੀਂ, ਸਹਿਯੋਗੀ ਸਾਥੀ ਵੀ ਸਨ। ਮੇਹਰ ਮਿੱਤਲ ਦੇ ਬਾਅਦ ਜਸਵਿੰਦਰ ਭੱਲਾ ਨੇ ਪੰਜਾਬੀ ਸਿਨੇਮਾ ਵਿੱਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ।”

Leave a Reply

Your email address will not be published. Required fields are marked *