ਜਲੰਧਰ: ਜਲੰਧਰ-ਪਠਾਨਕੋਟ ਮਾਰਗ ‘ਤੇ ਪੈਂਦੇ ਪਿੰਡ ਨੂਰਪੁਰ ਅੱਡੇ ‘ਤੇ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਅਤੇ ਦੋ ਕਾਰਾਂ ਦੀ ਟੱਕਰ ਦੌਰਾਨ ਕਾਰ ਸਵਾਰ ਮਾਂ ਪੁੱਤਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਕਿ ਸਕੂਲ ਦੇ ਵਿਦਿਆਰਥੀਆਂ ਨਾਲ ਭਰੀ ਬੱਸ ਚਾਲਕ ਨੇ ਨੂਰਪੁਰ ਅੱਡੇ ‘ਤੇ ਅਚਾਨਕ ਬੱਸ ਹਾਈਵੇ ‘ਤੇ ਚਾੜ ਦਿੱਤੀ ਜਿਸ ਦੌਰਾਨ ਪਿੱਛੋਂ ਆ ਰਹੀ ਕਾਰ ਦੀ ਬੱਸ ਨਾਲ ਟੱਕਰ ਹੋ ਗਈ ਅਤੇ ਉਸਦੇ ਪਿੱਛੇ ਆ ਰਹੀ ਇੱਕ ਹੋਰ ਕਾਰ ਆਪਣਾ ਸੰਤੁਲਨ ਗਵਾ ਕੇ ਉਸਦੇ ਪਿੱਛੇ ਜਾਂ ਵੱਜੀ ਜਿਸ ਦੌਰਾਨ ਪਠਾਨਕੋਟ ਤੋਂ ਲੁਧਿਆਣਾ ਜਾ ਰਹੇ ਕਾਰ-ਸਵਾਰ ਮਾਂ ਪੁੱਤਰ ਜੋਤੀ ਤੇ ਗੁਰਸ਼ਬਦ ਜ਼ਖ਼ਮੀ ਹੋ ਗਏ। ਮੌਕੇ ‘ਤੇ ਲੰਮਾ ਜਾਮ ਲੱਗ ਗਿਆ। ਜਿਸ ਨੂੰ ਮਕਸੂਦਾਂ ਦੇ ਥਾਣੇਦਾਰ ਕੇਵਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਪੁੱਜ ਕੇ ਜਦੋ ਜਹਿਦ ਕਰਕੇ ਬਹਾਲ ਕਰਵਾਇਆ।
ਕਾਰ ਸਵਾਰ ਸੁਨੀਲ ਪੁੱਤਰ ਗੁਰਬਚਨ ਸਿੰਘ ਵਾਸੀ ਪਠਾਨਕੋਟ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚੇ ਸਮੇਤ ਪਠਾਨਕੋਟ ਤੋਂ ਲੁਧਿਆਣਾ ਆਪਣੇ ਕੰਮ ‘ਤੇ ਜਾ ਰਹੇ ਸੀ ਤਾਂ ਜਲੰਧਰ ਦੇ ਨੂਰਪੁਰ ਅੱਡੇ ‘ਤੇ ਸਕੂਲ ਬੱਸ ਚਾਲਕ ਨੇ ਲਿੰਕ ਸੜਕ ਤੋਂ ਅਚਾਨਕ ਹਾਈਵੇ ਤੇ ਬੱਸ ਚੜਾ ਦਿੱਤੀ। ਜਿਸ ਦੌਰਾਨ ਉਸ ਦੀ ਕਾਰ ਬੱਸ ਡਰਾਈਵਰ ਵਾਲੀ ਸਾਈਡ ਨਾਲ ਟਕਰਾ ਕੇ ਹਾਈਵੇ ਦੇ ਨਾਲ ਲੱਗੀਆਂ ਗਰਿੱਲਾਂ ਨਾਲ ਜਾ ਟਕਰਾਈ ਅਤੇ ਉਸਦੇ ਪਿੱਛੇ ਆ ਗਈ। ਇੱਕ ਹੋਰ ਕਾਰ ਉਸ ਨਾਲ ਟਕਰਾ ਗਈ। ਦੂਸਰੀ ਕਾਰ ਦੇ ਚਾਲਕ ਵਿਸ਼ਵਨਾਸ ਪੁੱਤਰ ਪ੍ਰਤਾਪ ਸਿੰਘ ਵਾਸੀ ਤਲਵਾੜਾ ਨੇ ਦੱਸਿਆ ਕਿ ਉਸ ਨੇ ਜਦ ਅਚਾਨਕ ਬੱਸ ਨੂੰ ਹਾਈਵੇ ਤੇ ਚੜਦਾ ਵੇਖਿਆ ਤਾਂ ਉਸਨੇ ਬਰੇਕ ਤਾਂ ਲਗਾਈ ਪਰ ਇੰਨੇ ਨੂੰ ਉਸ ਦੀ ਕਾਰ ਅਗਲੀ ਕਾਰ ਨਾਲ ਜਾ ਟਕਰਾਈ।