ਚੰਡੀਗੜ੍ਹ, Lawrence Bishnoi Interview: ਖਰੜ ਸੀਆਈਏ ਸਟੇਸ਼ਨ ’ਤੇ ਪੰਜਾਬ ਪੁਲੀਸ ਦੀ ਗਿਰਫ਼ਤ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟੀਵੀ ਇੰਟਰਵਿਊ ਕਥਿਤ ਸਹੂਲਤ ਦੇਣ ਸਬੰਧੀ ਦੋ ਡੀਐਸਪੀਜ਼ ਸਮੇਤ ਸੱਤ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲਾਰੈਂਸ ਬਿਸ਼ਨੋਈ ਗਾਇਕ ਸਿੱਧੂ ਮੂਸੇਵਾਲਾ ਕੇਸ ਵਿੱਚ ਮੁਲਜ਼ਮ ਹੈ ਅਤੇ ਮੁੰਬਈ ਵਿੱਚ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਸਾਜ਼ਿਸ਼ਕਰਤਾ ਦਾ ਵੀ ਸ਼ੱਕੀ ਹੈ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਉਸ ’ਤੇ ਜੂਨ 2023 ਦੇ ਹਰਦੀਪ ਨਿੱਝਰ ਕਤਲ ਕੇਸ ਵਿੱਚ “ਭਾਰਤ ਦੇ ਏਜੰਟ” ਵਜੋਂ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।
ਗ੍ਰਹਿ ਵਿਭਾਗ ਪੰਜਾਬ ਨੇ ਸ਼ੁੱਕਰਵਾਰ ਨੂੰ ਡਿਪਟੀ ਸੁਪਰਡੈਂਟ ਰੈਂਕ ਦੇ ਅਧਿਕਾਰੀਆਂ ਗੁਰਸ਼ੇਰ ਸਿੰਘ ਸੰਧੂ ਅਤੇ ਸਮਰ ਵਨੀਤ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ। ਮੁਅੱਤਲ ਕੀਤੇ ਗਏ ਹੋਰਾਂ ਵਿੱਚ ਐਸਆਈ ਰੀਨਾ, ਐਸਆਈ ਜਗਤਪਾਲ ਜਾਂਗੂ, ਐਸਆਈ ਸ਼ਗਨਜੀਤ ਸਿੰਘ, ਏਐਸਆਈ ਮੁਖਤਿਆਰ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਮਾਰਚ 2023 ਵਿੱਚ ਇੱਕ ਟੀਵੀ ਚੈਨਲ ਵੱਲੋਂ ਪ੍ਰਸਾਰਿਤ ਕੀਤੇ ਗਏ ਸਨ ਜਦੋਂ ਉਹ ਪੰਜਾਬ ਅਤੇ ਰਾਜਸਥਾਨ ਪੁਲੀਸ ਦੀ ਹਿਰਾਸਤ ਵਿੱਚ ਸੀ।