ਚੰਡੀਗੜ੍ਹ, 6 ਅਕਤੂਬਰ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਉਸ ਬਿਆਨ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਹਾਈਕਮਾਨ ਵੱਲੋਂ ਮਨਜ਼ੂਰ ਕਰਨ ਦੀਆਂ ਅਫ਼ਵਾਹਾਂ ‘ਤੇ ਬਰੇਕ ਲਾ ਦਿੱਤੀ ਹੈ, ਜਿਸ ‘ਚ ਉਨ੍ਹਾਂ ਨੇ ਲਖੀਮਪੁਰ ਖੀਰੀ ਮਾਮਲੇ ‘ਚ ਸਿੱਧੂ ਦਾ ਸਾਥ ਦੇਣ ਦੀ ਗੱਲ ਕਹੀ ਹੈ। ਹਾਲਾਂਕਿ ਬੀਤੇ ਦਿਨ ਨਵਜੋਤ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਬਾਰੇ ਖ਼ਬਰਾਂ ਲਗਾਤਾਰ ਚੱਲਦੀਆਂ ਰਹੀਆਂ। ਅਸਲ ‘ਚ ਨਵਜੋਤ ਸਿੱਧੂ ਦੇ ਲਖੀਮਪੁਰ ਖੀਰੀ ਵੱਲ ਚਾਲੇ ਪਾਉਣ ਦੇ ਫ਼ੈਸਲੇ ਦੇ ਸੰਦਰਭ ‘ਚ ਹਰੀਸ਼ ਰਾਵਤ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਨਵਜੋਤ ਸਿੱਧੂ ਨੇ ਬੀਤੇ ਦਿਨ ਟਵੀਟ ਕਰਕੇ ਉੱਤਰ ਪ੍ਰਦੇਸ਼ ਸਰਕਾਰ ਨੂੰ ਅਲਟੀਮੇਟ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਬੇਕਸੂਰ ਕਿਸਾਨਾਂ ਦੇ ਜ਼ਾਲਮਾਨਾ ਕਤਲ ਲਈ ਜ਼ਿੰਮੇਵਾਰ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਗੈਰ ਕਾਨੂੰਨੀ-ਢੰਗ ਨਾਲ ਹਿਰਾਸਤ ‘ਚ ਰੱਖੀ ਕਿਸਾਨਾਂ ਦੇ ਹੱਕ ਲਈ ਲੜ ਰਹੀ ਸਾਡੀ ਨੇਤਾ ਪ੍ਰਿਅੰਕਾ ਗਾਂਧੀ ਨੂੰ ਰਿਹਾਅ ਨਾ ਕੀਤਾ ਗਿਆ ਤਾਂ 7 ਅਕਤੂਬਰ ਨੂੰ ਪੰਜਾਬ ਕਾਂਗਰਸ ਲਖੀਮਪੁਰ ਖੀਰੀ ਵੱਲ ਮਾਰਚ ਕਰੇਗੀ। ਬੇਸ਼ੱਕ ਸਿੱਧੂ ਸਬੰਧੀ ਕਾਂਗਰਸੀ ਖੇਮੇ ‘ਚ ਚਰਚਾਵਾਂ ਦਾ ਦੌਰ ਜਾਰੀ ਹੋਵੇ ਪਰ ਹਰੀਸ਼ ਰਾਵਤ ਦੇ ਤੇਵਰ ਸਿੱਧੂ ਨੂੰ ਲੈ ਕੇ ਕਾਫੀ ਨਰਮ ਹਨ। ਸਿੱਧੂ ਵੱਲੋਂ ਲਖੀਮਪੁਰ ਖੀਰੀ ਮਾਮਲੇ ‘ਚ ਦਿੱਤੇ ਗਏ ਅਲਟੀਮੇਟਮ ਦਾ ਰਾਵਤ ਨੇ ਖੁੱਲ੍ਹ ਕੇ ਸਮਰਥਨ ਕੀਤਾ। ਉਨ੍ਹਾਂ ਸਿੱਧੂ ਦੇ ਫ਼ੈਸਲੇ ਨੂੰ ਚੰਗਾ ਦੱਸਦੇ ਹੋਏ ਲਿਿਖਆ ਕਿ ਤੁਹਾਨੂੰ ਵਧਾਈ, ਇਹੀ ਉਹ ਕਾਂਗਰਸ ਹੈ, ਜਿਸ ਦੀ ਸਾਨੂੰ ਲੋੜ ਹੈ।
ਨਵਜੋਤ ਸਿੱਧੂ ਨੂੰ ਲੈ ਕੇ ਹਰੀਸ਼ ਰਾਵਤ ਦੇ ਤੇਵਰ ਨਰਮ, ਅਸਤੀਫ਼ਾ ਮਨਜ਼ੂਰ ਹੋਣ ਦੀਆਂ ਅਫ਼ਵਾਹਾਂ ‘ਤੇ ਬਰੇਕ
