ਨਵੀਂ ਦਿੱਲੀ, 6 ਅਕਤੂਬਰ (ਦਲਜੀਤ ਸਿੰਘ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਅਤੇ ਕਾਂਗਰਸ ਨੇਤਾਵਾਂ ਨਾਲ ਹੋਏ ਅਨਿਆਂ ’ਤੇ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ। ਰਾਹੁਲ ਨੇ ਕਿਹਾ ਕਿ ਅੱਜ ਮੈਂ ਦੋ ਮੁੱਖ ਮੰਤਰੀਆਂ ਨਾਲ ਲਖੀਮਪੁਰ ਖੀਰੀ ਜਾ ਰਿਹਾ ਹਾਂ। ਪੀੜਤ ਪਰਿਵਾਰਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗਾ। ਕਿਸਾਨਾਂ ਨੂੰ ਜੀਪ ਹੇਠਾਂ ਕੁਚਲਿਆ ਜਾ ਰਿਹਾ ਹੈ, ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਭਰ ’ਚ ਉਨ੍ਹਾਂ ’ਤੇ ਅੱੱਤਿਆਚਾਰ ਹੋ ਰਿਹਾ ਹੈ। ਉੱਤਰ ਪ੍ਰਦੇਸ਼ ’ਚ ਅਪਰਾਧੀਆਂ ਨੂੰ ਛੋਟ ਹੈ। ਮੰਤਰੀ ਅਤੇ ਉਨ੍ਹਾਂ ਦੇ ਬੇਟੇ ’ਤੇ ਕਾਰਵਾਈ ਨਹੀਂ ਹੋ ਰਹੀ ਹੈ। ਸਿਰਫ਼ ਸਾਨੂੰ ਰੋਕਿਆ ਜਾ ਰਿਹਾ ਹੈ, ਬਾਕੀ ਪਾਰਟੀਆਂ ਨੂੰ ਜਾਣ ਦਿੱਤਾ ਜਾ ਰਿਹਾ ਹੈ। ਅਸੀਂ ਕੀ ਗਲਤ ਕੀਤਾ, ਜੋ ਸਾਨੂੰ ਰੋਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਹੁਲ ਨੇ ਕਿਹਾ ਕਿ ਕੁਝ ਸਮੇਂ ਤੋਂ ਹਿੰਦੁਸਤਾਨ ਦੇ ਕਿਸਾਨਾਂ ’ਤੇ ਸਰਕਾਰ ਹਮਲਾਵਰ ਹੋ ਰਹੀ ਹੈ, ਕਿਸਾਨਾਂ ਨੂੰ ਜੀਪ ਹੇਠਾਂ ਕੁਚਲਿਆ ਜਾ ਰਿਹਾ ਹੈ। ਤਿੰਨ ਨਵੇਂ ਕਾਨੂੰਨ ਲਿਆਂਦੇ ਗਏ, ਇਸ ਲਈ ਕਿਸਾਨ ਧਰਨੇ ’ਤੇ ਬੈਠੇ ਹਨ। ਦੇਸ਼ ਦੇ ਕਿਸਾਨ ਦਿੱਲੀ ਦੇ ਬਾਹਰ ਬੈਠੇ ਹਨ। ਦੱਸ ਦੇਈਏ ਕਿ ਲਖੀਮਪੁਰ ਖੀਰੀ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਮਗਰੋਂ ਵਿਵਾਦ ਅਜੇ ਤਕ ਸ਼ਾਂਤ ਨਹੀਂ ਹੋਇਆ ਹੈ। ਹੁਣ ਰਾਹੁਲ ਗਾਂਧੀ ਨੇ ਸਰਕਾਰ ’ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਕਿਸਾਨਾਂ ਨਾਲ ਗਲਤ ਹੋ ਰਿਹਾ ਹੈ। ਲਖੀਮਪੁਰ ਜਾਣ ਵਾਲਿਆਂ ਨੂੰ ਹਿਰਾਸਤ ’ਚ ਲਿਆ ਜਾ ਰਿਹਾ ਹੈ। ਪ੍ਰਿਯੰਕਾ ਗਾਂਧੀ ਦੀ ਹਿਰਾਸਤ ਬਾਰੇ ਰਾਹੁਲ ਨੇ ਕਿਹਾ ਕਿ ਉਹ ਕਿਸਾਨਾਂ ਲਈ ਉੱਥੇ ਗਈ ਹੈ, ਇਸ ਲਈ ਮੈਂ ਇਸ ਕਾਨਫਰੰਸ ’ਚ ਵੀ ਕਿਸਾਨ ਮੁੱਦੇ ਦੀ ਹੀ ਗੱਲ ਕਰਾਂਗਾ।
ਇਕ ਪੱਤਰਕਾਰ ਨੇ ਸਵਾਲ ਕੀਤਾ ਕਿ ਪ੍ਰਿਯੰਕਾ ਨੇ ਪੁਲਸ ਵਲੋਂ ਮਾੜੇ ਵਤੀਰੇ ਦੀ ਗੱਲ ਆਖੀ ਹੈ। ਇਸ ’ਤੇ ਰਾਹੁਲ ਨੇ ਕਿਹਾ ਕਿ ਸਾਨੂੰ ਬੰਦ ਕਰ ਦਿਓ, ਮਾਰ ਦਿਓ, ਸਾਡੇ ਨਾਲ ਮਾੜਾ ਵਤੀਰਾ ਕਰੋ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਡੀ ਟ੍ਰੇਨਿੰਗ ਹੀ ਅਜਿਹੀ ਹੈ। ਮੁੱਦਾ ਕਿਸਾਨਾਂ ਦਾ ਹੈ, ਅਸੀਂ ਉਸ ਦੀ ਗੱਲ ਕਰਦੇ ਰਹਾਂਗੇ। ਸਾਡਾ ਕੰਮ ਪ੍ਰੈੱਸ਼ਰ ਬਣਾਉਣਾ ਹੈ। ਹਾਥਰਸ ’ਚ ਅਸੀਂ ਪ੍ਰੈੱਸ਼ਰ ਬਣਾਇਆ ਤਾਂ ਕਾਰਵਾਈ ਹੋਈ। ਜੇਕਰ ਹਾਥਰਸ ’ਚ ਅਸੀਂ ਨਾ ਜਾਂਦੇ ਤਾਂ ਅਪਰਾਧੀ ਬਚ ਕੇ ਨਿਕਲ ਜਾਂਦੇ। ਸਰਕਾਰ ਇਸ ਮੁੱਦੇ ਨੂੰ ਸਾਡੇ ਤੋਂ ਦੂਰ ਰੱਖਣਾ ਚਾਹੁੰਦੀ ਹੈ, ਤਾਂ ਕਿ ਪ੍ਰੈੱਸ਼ਰ ਬਣਾਇਆ ਜਾ ਸਕੇ। ਰਾਹੁਲ ਨੇ ਮੀਡੀਆ ਨੂੰ ਵੀ ਲਤਾੜ ਲਾਈ ਕਿ ਤੁਹਾਡੀ ਜੋ ਜ਼ਿੰਮੇਵਾਰੀ ਹੈ, ਉਸ ਨੂੰ ਤਾਂ ਕਰਦੇ ਨਹੀਂ ਫਿਰ ਸਾਨੂੰ ਕਹਿੰਦੇ ਹੋ ਕਿ ਰਾਜਨੀਤੀ ਕਰ ਰਹੇ ਹੋ।
ਰਾਹੁਲ ਨੇ ਕਿਹਾ ਕਿ ਪਹਿਲਾਂ ਦੇਸ਼ ’ਚ ਲੋਕਤੰਤਰ ਹੋਇਆ ਕਰਦਾ ਸੀ, ਹੁਣ ਇੱਥੇ ਤਾਨਾਸ਼ਾਹੀ ਹੈ। ਇਸ ਦੇ ਨਾਲ ਹੀ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੱਲ੍ਹ ਲਖਨਊ ਗਏ ਪਰ ਲਖੀਮਪੁਰ ਖੀਰੀ ਨਹੀਂ ਗਏ। ਦੇਸ਼ ਦੇ ਢਾਂਚੇ ਨੂੰ ਭਾਜਪਾ ਅਤੇ ਆਰ. ਐੱਸ. ਐੱਸ. ਨੇ ਕਾਬੂ ਕੀਤਾ ਹੋਇਆ ਹੈ।