ਗੰਗਟੋਕ- ਭਾਰਤੀ ਫ਼ੌਜ ਨੇ ਸਿੱਕਮ ਵਿਚ ਮੋਹਲੇਧਾਰ ਮੀਂਹ ਕਾਰਨ ਕੁਝ ਥਾਵਾਂ ‘ਤੇ ਜ਼ਮੀਨ ਖਿਸਕਣ ਅਤੇ ਸੜਕ ਆਵਾਜਾਈ ਠੱਪ ਹੋਣ ਦੀ ਵਜ੍ਹਾ ਤੋਂ ਉੱਥੇ ਫਸੇ 54 ਬੱਚਿਆਂ ਸਮੇਤ 500 ਸੈਲਾਨੀਆਂ ਨੂੰ ਸੁਰੱਖਿਅਤ ਕੱਢ ਲਿਆ। ਇਕ ਰੱਖਿਆ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਲਾਚੇਨ, ਲਾਚੁੰਗ ਅਤੇ ਚੁੰਗਥਾਂਗ ਵਿਚ ਸ਼ੁੱਕਰਵਾਰ ਨੂੰ ਮੋਹਲੇਧਾਰ ਮੀਂਹ ਪਿਆ। ਮੀਂਹ ਕਾਰਨ ਲਾਚੁੰਗ ਅਤੇ ਲਾਚੇਨ ਘਾਟੀ ਦੀ ਯਾਤਰਾ ਕਰ ਰਹੇ ਲੱਗਭਗ 500 ਸੈਲਾਨੀ ਜ਼ਮੀਨ ਖਿਸਕਣ ਅਤੇ ਸੜਕਾਂ ਬਲਾਕ ਹੋਣ ਕਾਰਨ ਚੁੰਗਥਾਂਗ ਵਿਚ ਫਸ ਗਏ।
ਰੱਖਿਆ ਅਧਿਕਾਰੀ ਨੇ ਦੱਸਿਆ ਕਿ ਸਬ-ਡਵੀਜ਼ਨਲ ਮੈਜਿਸਟ੍ਰੇਟ ਦੀ ਬੇਨਤੀ ਭਾਰਤੀ ਫ਼ੌਜ ਦੀ ‘ਤ੍ਰਿਸ਼ਕਤੀ ਕੋਰ’ ਦੇ ਜਵਾਨਾਂ ਨੇ ਬਚਾਅ ਮੁਹਿੰਮ ਚਲਾਈ ਅਤੇ ਫਸੇ ਹੋਏ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਨ੍ਹਾਂ ਨੇ ਕਿਹਾ ਕਿ ਫਸੇ ਹੋਏ ਸੈਲਾਨੀਆਂ ਵਿਚ 216 ਪੁਰਸ਼, 113 ਔਰਤਾਂ ਅਤੇ 54 ਬੱਚੇ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਤਿੰਨ ਵੱਖ-ਵੱਖ ਫ਼ੌਜੀ ਕੈਂਪਾਂ ਵਿਚ ਲਿਜਾਇਆ ਗਿਆ ਹੈ। ਉਨ੍ਹਾਂ ਨੂੰ ਗਰਮ ਭੋਜਨ ਅਤੇ ਗਰਮ ਕੱਪੜੇ ਮੁਹੱਈਆ ਕਰਵਾਏ ਗਏ ਹਨ।
ਅਧਿਕਾਰੀ ਮੁਤਾਬਕ ਫ਼ੌਜੀਆਂ ਨੇ ਸੈਲਾਨੀਆਂ ਦੇ ਠਹਿਰਣ ਅਤੇ ਰਾਤ ਦੇ ਸਮੇਂ ਉਨ੍ਹਾਂ ਦੇ ਆਰਾਮ ਲਈ ਬੈਰਕਾਂ ਨੂੰ ਖਾਲੀ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸਾਰੇ ਯਾਤਰੀਆਂ ਦੀ ਸਿਹਤ ਸਥਿਤੀ ਜਾਂਚ ਲਈ ਤਿੰਨ ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ।