ਐੱਸਏਐੱਸ ਨਗਰ : ਹੈਦਰਾਬਾਦ ਤੋਂ ਮੋਹਾਲੀ ਆਈ ਇੰਡੀਗੋ ਦੀ ਇਕ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਫਲਾਈਟ 5 ਜੁਲਾਈ ਨੂੰ ਸਵੇਰੇ 11:58 ਵਜੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉੱਤਰੀ ਸੀ। ਜਦੋਂ ਲੈਂਡ ਹੋਣ ਤੋਂ ਬਾਅਦ ਫਲਾਈਟ ਦੀ ਸਫ਼ਾਈ ਕੀਤੀ ਜਾ ਰਹੀ ਸੀ, ਉਦੋਂ ਉਸ ਦੇ ਵਾਸ਼ਰੂਮ ‘ਚੋਂ ਇਕ ਟਿਸ਼ੂ ਪੇਪਰ ਮਿਲਿਆ ਜਿਸ ‘ਤੇ ਅੰਗਰੇਜ਼ੀ ‘ਚ ਲਿਖਿਆ ਸੀ ਕਿ ਫਲਾਈਟ ਵਿੱਚ ਬੰਬ ਹੈ। ਇੰਡੀਗੋ ਵੱਲੋਂ ਇਸ ਦੀ ਸੂਚਨਾ ਤੁਰੰਤ ਮੌਕੇ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਜਾਂਚ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ ਹੇਠ ਕੇਸ ਦਰਜ ਕਰ ਲਿਆ ਹੈ। ਹੁਣ ਪੁਲਿਸ ਇਸ ਫਲਾਈਟ ਵਿੱਚ ਸਵਾਰ ਹੋਏ ਸਾਰੇ ਯਾਤਰੀਆਂ ਦੇ ਡਾਟਾ ਦੀ ਜਾਂਚ ਕਰ ਰਹੀ ਹੈ, ਤਾਂ ਜੋ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਜਾ ਸਕੇ। ਹਾਲੇ ਤੱਕ ਪੁਲਿਸ ਨੂੰ ਕਿਸੇ ਵੀ ਵਿਅਕਤੀ ਬਾਰੇ ਕੋਈ ਠੋਸ ਸਬੂਤ ਹੱਥ ਨਹੀਂ ਲੱਗਿਆ ਹੈ। ਇੰਡੀਗੋ ਫਲਾਈਟ ਦੀ ਸੰਭਾਲ ਕਰਨ ਵਾਲੀ ਕੰਪਨੀ ਇੰਟਰ ਗਲੋਬ ਏਵੀਏਸ਼ਨ ਲਿਮਟਿਡ ਦੇ ਸੁਰੱਖਿਆ ਮੈਨੇਜਰ ਮਨਮੋਹਨ ਸਿੰਘ ਨੇ ਦੱਸਿਆ ਕਿ ਉਹ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕਰ ਸਕਦੇ।
ਫਲਾਈਟ ‘ਚ ਮੌਜੂਦ ਸਨ 227 ਲੋਕ
ਪੁਲਿਸ ਸੂਤਰਾਂ ਮੁਤਾਬਕ ਇਸ ਫਲਾਈਟ ਦਾ ਨੰਬਰ 6 ਈ 108 ਸੀ, ਜੋ ਹੈਦਰਾਬਾਦ ਤੋ ਚੰਡੀਗੜ੍ਹ ਲਈ ਚੱਲੀ ਸੀ। ਇਸ ਵਿਚ 220 ਯਾਤਰੀ, 5 ਕ੍ਰੂ ਮੈਂਬਰ ਅਤੇ 2 ਪਾਇਲਟ ਮਿਲਾ ਕੇ ਕੁੱਲ 227 ਲੋਕ ਸਵਾਰ ਸਨ। ਇਸ ਫਲਾਈਟ ਨੇ ਚੰਡੀਗੜ੍ਹ ਤੋ ਦਿੱਲੀ ਜਾਣਾ ਸੀ, ਜਿਸ ਦਾ ਨੰਬਰ 6 ਈ 2195 ਸੀ। ਇਸ ਮਾਮਲੇ ਦੀ ਸ਼ਿਕਾਇਤ ਸੁਰੱਖਿਆ ਮੈਨੇਜਰ ਮਨਮੋਹਨ ਸਿੰਘ ਵੱਲੋਂ ਦਿੱਤੀ ਗਈ ਸੀ, ਜਿਸ ‘ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ।
