ਖਰੜ ‘ਚ ਭਾਰੀ ਮੀਂਹ ਦੌਰਾਨ ਸਕੂਲ ‘ਚ ਵੜਿਆ ਪਾਣੀ, ਬੱਚੇ ਤੇ ਅਧਿਆਪਕ ਹੋਏ ਪਰੇਸ਼ਾਨ


ਖਰੜ – ਇੱਥੇ ਸ਼ੁੱਕਰਵਾਰ ਰਾਤ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਮੀਂਹ ਦਾ ਪਾਣੀ ਪੁਰਾਣੀ ਮੋਰਿੰਡਾ ਰੋੜ ਹਸਪਤਾਲ ਨੇੜੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਦਰ ਦਾਖ਼ਲ ਹੋ ਗਿਆ। ਪਾਣੀ ਦੀ ਅੱਗੇ ਕੋਈ ਨਿਕਾਸੀ ਨਾ ਹੋਣ ਕਾਰਨ ਅੱਜ ਸਕੂਲ ਪਹੁੰਚਦਿਆਂ ਹੀ ਅਧਿਆਪਕਾਂ ਸਣੇ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਾਰਸ਼ ਜਾਰੀ ਰਹਿਣ ਕਾਰਨ ਪਾਣੀ ਕਲਾਸਾਂ, ਸਟਾਫ਼ ਰੂਮ, ਪ੍ਰਿੰਸੀਪਲ ਰੂਮ, ਸਕੂਲ ਦੇ ਵਰਾਂਡੇ ਅਤੇ ਪਖ਼ਾਨਿਆਂ ਚ ਦਾਖ਼ਲ ਹੋਣ ਨਾਲ ਸਟਾਫ਼ ਸਣੇ ਵਿਦਿਆਰਥੀਆਂ ਨੂੰ ਸੁਰੱਖਿਅਤ ਖੜ੍ਹਨ ਦੇ ਲਈ ਕੋਈ ਥਾਂ ਨਹੀਂ ਬਚੀ। ਸਕੂਲ ‘ਚ ਦਾਖ਼ਲ ਹੋਏ ਇਸ ਪਾਣੀ ਨੂੰ ਬਾਹਰ ਕੱਢ ਬੱਚਿਆਂ ਨੂੰ ਬੈਠਣਯੋਗ ਬਣਾਉਣ ਲਈ ਸਕੂਲ ਮੁਲਾਜ਼ਮਾਂ ਵਲੋਂ ਭਾਰੀ ਮੁਸ਼ੱਕਤ ਦਿਨ ਭਰ ਜਾਰੀ ਰਹੀ। ਇਸੇ ਦੌਰਾਨ ਵਿਦਿਆਰਥੀਆਂ ਨੂੰ ਕੈਂਪਸ ਦੇ ਅੰਦਰ ਉਚਾਈ ‘ਤੇ ਬਣੇ ਹਾਲ ਦੇ ਅੰਦਰ ਸ਼ਿਫਟ ਕਰ ਕੰਮ ਚਲਾਉਣਾ ਪਿਆ।

ਸਕੂਲ ਦਾ ਡ੍ਰੇਨੇਜ ਸਿਸਟਮ ਫੇਲ੍ਹ
ਅਧਿਆਪਕਾਂ ਨੇ ਦੱਸਿਆ ਕਿ ਸਕੂਲ ਅੰਦਰ ਕੁੱਲ 3300 ਦੇ ਕਰੀਬ ਸਵੇਰੇ-ਸ਼ਾਮ ਦੀ ਸ਼ਿਫਟ ‘ਚ ਵਿਦਿਆਰਥੀ ਪੜ੍ਹਦੇ ਹਨ। ਇਨਫਰਾਸਟਰੱਕਚਰ ਦੀ ਘਾਟ ਦੇ ਬਾਵਜੂਦ ਇਸ ਸਕੂਲ ਦੇ ਨਤੀਜੇ ਭਾਵੇਂ ਪੜ੍ਹਾਈ ਹੋਵੇ, ਖੇਡਾਂ ਜਾਂ ਹੋਰ ਗਤੀਵਿਧੀਆਂ, ਹਰ ਥਾਂ ਇਸ ਦੇ ਵਿਦਿਆਰਥੀ ਮੱਲਾਂ ਮਾਰਨ ‘ਚ ਪਿੱਛੇ ਨਹੀਂ ਰਹਿੰਦੇ। ਪਰ ਇਸ ਸਭ ਦੇ ਬਾਵਜੂਦ ਥੋੜ੍ਹਾ ਚਿਰ ਦਾ ਮੀਂਹ ਵੀ ਉਨ੍ਹਾਂ ਲਈ ਵੱਡੀਆਂ ਮੁਸ਼ਕਲਾਂ ਲੈ ਕੇ ਆਉਂਦਾ ਹੈ। ਇਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਅਜਿਹੇ ਹਾਲਾਤ ਅੰਦਰ ਉਹ ਸਾਰੇ ਬੇਬਸ ਮਹਿਸੂਸ ਕਰਨ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਦਰਅਸਲ ਸਕੂਲ ਦੀ ਇਮਾਰਤ ਪੁਰਾਣੀ ਹੋਣ ਦੇ ਨਾਲ-ਨਾਲ ਇਸ ਦਾ ਲੈਵਲ ਵੀ ਨੀਵਾਂ ਹੈ।

Leave a Reply

Your email address will not be published. Required fields are marked *