ਚੰਡੀਗੜ੍ਹ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਮੁਲਜ਼ਮ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਇਸ ਮਾਮਲੇ ‘ਚ ਮੰਗਲਵਾਰ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਨੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਛਾਪੇਮਾਰੀ ਕੀਤੀ। ਵਿਜੀਲੈਂਸ ਦੀਆਂ ਟੀਮਾਂ ਇੱਕੋ ਸਮੇਂ ਚੰਡੀਗੜ੍ਹ, ਦਿੱਲੀ, ਹਰਿਆਣਾ, ਯੂਪੀ ਤੇ ਹਿਮਾਚਲ ਪਹੁੰਚੀਆਂ ਤੇ ਆਪਣੀ ਜਾਂਚ ਸ਼ੁਰੂ ਕੀਤੀ। ਇਨ੍ਹਾਂ ਵਿੱਚੋਂ ਇਕ ਟੀਮ ਬਿਕਰਮ ਮਜੀਠੀਆ ਨੂੰ ਲੈ ਕੇ ਅੰਮ੍ਰਿਤਸਰ ਦੇ ਮਜੀਠਾ ਗਈ, ਜਦਕਿ ਦੂਜੀ ਟੀਮ ਮਜੀਠੀਆ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪਹੁੰਚੀ।
ਇਸ ਮਾਮਲੇ ‘ਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਵੀ ਵਿਜੀਲੈਂਸ ਤੋਂ ਮਾਮਲੇ ਨਾਲ ਸੰਬੰਧਿਤ ਰਿਕਾਰਡ ਮੰਗਿਆ ਹੈ। ਐਨਸੀਬੀ ਨੇ ਇਹ ਰਿਕਾਰਡ ਇਸ ਲਈ ਮੰਗਿਆ ਹੈ ਕਿਉਂਕਿ ਇਹ ਮਾਮਲਾ ਨਸ਼ਿਆਂ ਨਾਲ ਸੰਬੰਧਿਤ ਹੈ। ਇਸ ਲਈ ਇਸ ਸਬੰਧੀ ਰਿਕਾਰਡ ਦੀ ਮੰਗ ਕੀਤੀ ਜਾ ਰਹੀ ਹੈ। ਹੋਰ ਜਾਂਚ ਏਜੰਸੀਆਂ ਵੀ ਇਸ ਮਾਮਲੇ ‘ਤੇ ਨਜ਼ਰ ਰੱਖ ਰਹੀਆਂ ਹਨ। ਇਸ ਦੌਰਾਨ, ਆਮ ਆਦਮੀ ਪਾਰਟੀ ਨੇ ਐਨਸੀਬੀ ਵੱਲੋਂ ਕੇਸ ਸੰਬੰਧੀ ਰਿਕਾਰਡ ਮੰਗਣ ‘ਤੇ ਸਵਾਲ ਉਠਾਏ ਹਨ।
