ਸ਼ਿਮਲਾ : Minister Anirudh Singh, ਪੰਚਾਇਤੀ ਰਾਜ ਤੇ ਗ੍ਰਾਮੀਣ ਵਿਕਾਸ ਮੰਤਰੀ ਅਨਿਰੁੱਧ ਸਿੰਘ ਖ਼ਿਲਾਫ਼ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਦੇ ਅਧਿਕਾਰੀਆਂ ਵੱਲੋਂ ਢਲੀ ਥਾਣੇ ‘ਚ ਮਾਮਲਾ ਦਰਜ ਕਰਵਾਇਆ ਗਿਆ। ਸੋਮਵਾਰ ਨੂੰ ਭੱਟਾਕੂਫਰ ‘ਚ ਪੰਜ ਮੰਜ਼ਿਲਾ ਇਮਾਰਤ ਢਹਿਣ ਤੋਂ ਬਾਅਦ ਮੰਤਰੀ ਅਨਿਰੁੱਧ ਸਿੰਘ ਮੌਕੇ ‘ਤੇ ਨਿਰੀਖਣ ਕਰਨ ਪਹੁੰਚੇ ਸਨ। ਇਸ ਦੌਰਾਨ ਮੰਤਰੀ ਅਤੇ ਹੋਰ ਲੋਕਾਂ ‘ਤੇ NHAI ਦੇ ਅਧਿਕਾਰੀਆਂ ਨਾਲ ਮਾਰਕੁੱਟ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਇਸ ਸਬੰਧੀ NHAI ਦੇ ਪ੍ਰਬੰਧਕ ਅਚਲ ਜਿੰਦਲ ਨੇ ਢਲੀ ਥਾਣੇ ‘ਚ ਸ਼ਿਕਾਇਤ ਦਿੱਤੀ ਹੈ। ਅਚਲ ਜਿੰਦਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦਾਅਵਾ ਕੀਤਾ ਹੈ ਕਿ ਉਹ ਐਸਡੀਐਮ ਗ੍ਰਾਮੀਣ ਵੱਲੋਂ ਬੁਲਾਈ ਗਈ ਬੈਠਕ ‘ਚ ਸ਼ਾਮਲ ਹੋਣ ਤੋਂ ਬਾਅਦ ਲਗਪਗ 11:30 ਵਜੇ ਘਟਨਾ ਸਥਾਨ ‘ਤੇ ਪਹੁੰਚੇ, ਜਿੱਥੇ ਮੰਤਰੀ ਅਨਿਰੁੱਧ ਸਿੰਘ ਨੇ ਪਹਿਲਾਂ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਤੇ ਫਿਰ ਮਾਰਕੁਟਾਈ ਕੀਤੀ। ਮੌਕੇ ‘ਤੇ ਐਸਡੀਐਮ ਸ਼ਿਮਲਾ ਗ੍ਰਾਮੀਣ ਵੀ ਮੌਜੂਦ ਸਨ।
ਜਿੰਦਲ ਅਨੁਸਾਰ, ਮੰਤਰੀ ਦੀ ਮੌਜੂਦਗੀ ‘ਚ ਹੋਈ ਮਾਰਕੁਟਾਈ ‘ਚ ਉਨ੍ਹਾਂ ਨੂੰ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਇਲਾਜ ਲਈ IGMC ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਮੈਡੀਕਲ ਟੈਸਟ ਕੀਤਾ ਗਿਆ ਤੇ MLC ਵੀ ਕਰਵਾਈ ਗਈ। ਪੁਲਿਸ ਨੇ ਅਚਲ ਜਿੰਦਲ ਦੀ ਸ਼ਿਕਾਇਤ ਦੇ ਆਧਾਰ ‘ਤੇ ਪੰਚਾਇਤੀ ਰਾਜ ਮੰਤਰੀ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾਵਾਂ 132, 121(1), 352, 126(2) ਅਤੇ 3(5) ਦੇ ਤਹਿਤ ਕੇਸ ਦਰਜ ਕੀਤਾ ਹੈ।
