Everest Record ਨੇਪਾਲੀ ਸ਼ੇਰਪਾ ਗਾਈਡ ਵੱਲੋਂ 31ਵੀਂ ਵਾਰ ਮਾਊਂਟ ਐਵਰੈਸਟ ਫਤਹਿ, ਆਪਣਾ ਹੀ ਰਿਕਾਰਡ ਤੋੜਿਆ

ਨੇਪਾਲੀ ਸ਼ੇਰਪਾ ਗਾਈਡ ਕਾਮੀ ਰੀਤਾ ਨੇ ਮੰਗਲਵਾਰ ਨੂੰ 31ਵੀਂ ਵਾਰ ਮਾਊਂਟ ਐਵਰੈਸਟ ਫ਼ਤਹਿ ਕਰਕੇ ਵਿਸ਼ਵ ਦੀ ਸਭ ਤੋਂ ਵੱਡੀ ਚੋਟੀ ’ਤੇ ਸਭ ਤੋਂ ਵੱਧ ਵਾਰ ਸਫ਼ਲਤਾਪੂਰਵਕ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ।

ਇਸ ਚੜ੍ਹਾਈ ਮੁਹਿੰਮ ਦੇ ਪ੍ਰਬੰਧਕ ‘Seven Summit Tracks’ ਦੇ ਮੁਖੀ ਮਿੰਗਮਾ ਸ਼ੇਰਪਾ ਨੇ ਦੱਸਿਆ ਕਿ 55 ਸਾਲਾ ਪਰਬਤਾਰੋਹੀ ਤੜਕੇ 4 ਵਜੇ 8,849 ਮੀਟਰ ਉੱਚੀ ਚੋਟੀ ਦੇ ਸਿਖਰ ’ਤੇ ਪੁੱਜਾ। ਉਨ੍ਹਾਂ ਲੈਫਟੀਨੈਂਟ ਕਰਨਲ ਮਨੋਜ ਜੋਸ਼ੀ ਦੀ ਅਗਵਾਈ ਵਿਚ ਭਾਰਤੀ ਥਲ ਸੈਨਾ ਦੇ ‘ਐਡਵੈਂਚਰ ਵਿੰਗ ਐਵਰੈਸਟ’ ਮੁਹਿੰਮ ਲਈ ਇਕ ਟੀਮ ਦੀ ਅਗਵਾਈ ਕੀਤੀ।

ਰੋਜ਼ਨਾਮਚਾ ‘ਕਾਠਮੰਡੂ ਪੋਸਟ’ ਨੇ ਮਿੰਗਮਾ ਦੇ ਹਵਾਲੇ ਨਾਲ ਕਿਹਾ, ‘‘ਇਹ ਨਵੀਂ ਉਪਲਬਧੀ ਵਿਸ਼ਵ ਦੇ ਸਿਖਰ ’ਤੇ ਸਭ ਤੋਂ ਵੱਧ ਵਾਰ ਪਹੁੰਚਣ ਦੇ ਰਿਕਾਰਡਧਾਰੀ ਵਜੋਂ ਉਨ੍ਹਾਂ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ-ਇਕ ਅਜਿਹਾ ਰਿਕਾਰਡ ਜਿਸ ਦੇ ਨੇੜੇ ਤੇੜੇ ਕੋਈ ਨਹੀਂ ਪਹੁੰਚ ਸਕਿਆ ਹੈ।’’ ਉਨ੍ਹਾਂ ਕਿਹਾ, ‘‘ਕਾਮੀ ਰੀਤਾ ਸਿਖਰਲੀ ਚੋਟੀ ’ਤੇ ਪਹੁੰਚਣ ਮਗਰੋਂ ਸੁਰੱਖਿਅਤ ਤੇ ਸਥਿਰ ਹੈ। ਉਨ੍ਹਾਂ ਉਤਰਨਾ ਸ਼ੁਰੂ ਕਰ ਦਿੱਤਾ ਹੈ ਤੇ ਬੇਸ ਕੈਂਪ ਵੱਲ ਵਾਪਸ ਜਾ ਰਹੇ ਹਨ।’’ ਮਿੰਗਮਾ ਨੇ ਕਿਹਾ, ‘‘ਕਾਮੀ ਨੇ ਹਮੇਸ਼ਾਂ ਵਾਂਗ ਪਹਾੜ ’ਤੇ ਆਪਣੀ ਬੇਮਿਸਾਲ ਕੁਸ਼ਲਤਾ ਅਤੇ ਪੇਸ਼ੇਵਰ ਪਹੁੰਚ ਦਾ ਪ੍ਰਦਰਸ਼ਨ ਕੀਤਾ ਹੈ। ਸਾਨੂੰ ਉਸ ਦੀਆਂ ਪ੍ਰਾਪਤੀਆਂ ਅਤੇ ਉਸ ਵੱਲੋਂ ਬਣਾਈ ਜਾ ਰਹੀ ਵਿਰਾਸਤ ’ਤੇ ਬਹੁਤ ਮਾਣ ਹੈ।’’

ਸੈਵਨ ਸਮਿਟ ਟ੍ਰੈਕਸ ਦੇ ਐਕਸਪੀਡੀਸ਼ਨ ਡਾਇਰੈਕਟਰ ਚਾਂਗ ਦਾਵਾ ਸ਼ੇਰਪਾ ਨੇ ਕਿਹਾ ਕਿ ਕਾਮੀ ਰੀਤਾ ਨੂੰ ਛੋਟੀ ਉਮਰ ਤੋਂ ਹੀ ਪਰਬਤਾਰੋਹਣ ਦਾ ਜਨੂੰਨ ਸੀ ਅਤੇ ਉਹ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪਹਾੜਾਂ ’ਤੇ ਚੜ੍ਹਾਈ ਕਰ ਰਿਹਾ ਹੈ। ਉਸ ਦੀ ਪਰਬਤਾਰੋਹਣ ਯਾਤਰਾ 1992 ਵਿੱਚ ਸ਼ੁਰੂ ਹੋਈ ਸੀ ਜਦੋਂ ਉਹ ਇੱਕ ਸਹਾਇਕ ਸਟਾਫ ਵਜੋਂ ਐਵਰੈਸਟ ’ਤੇ ਚੜ੍ਹਾਈ ਕਰਨ ਲਈ ਇੱਕ ਮੁਹਿੰਮ ਵਿੱਚ ਸ਼ਾਮਲ ਹੋਇਆ ਸੀ।

ਦਾਵਾ ਨੇ ਕਿਹਾ ਕਿ 1994 ਅਤੇ 2025 ਦੇ ਵਿਚਕਾਰ, ਕਾਮੀ ਰੀਤਾ ਨੇ K2 ਅਤੇ ਮਾਊਂਟ ਲੋਤਸੇ ’ਤੇ ਇੱਕ-ਇੱਕ ਵਾਰ, ਮਨਾਸਲੂ ’ਤੇ ਤਿੰਨ ਵਾਰ ਅਤੇ ਚੋ ਓਯੂ ’ਤੇ ਅੱਠ ਵਾਰ ਚੜ੍ਹਾਈ ਕੀਤੀ। ਹਰ ਸਾਲ ਸੈਂਕੜੇ ਪਰਬਤਾਰੋਹੀ ਨੇਪਾਲ ਤੋਂ ‘ਮਾਊਂਟ ਐਵਰੈਸਟ’ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ। ਐਵਰੈਸਟ ਦੀ ਪਹਿਲੀ ਚੜ੍ਹਾਈ 1953 ਵਿੱਚ ਨਿਊਜ਼ੀਲੈਂਡ ਦੇ ਐਡਮੰਡ ਹਿਲੇਰੀ ਅਤੇ ਨੇਪਾਲੀ ਸ਼ੇਰਪਾ ਤੇਨਜ਼ਿੰਗ ਨੋਰਗੇ ਵੱਲੋਂ ਕੀਤੀ ਗਈ ਸੀ।

Leave a Reply

Your email address will not be published. Required fields are marked *