ਅਕਾਲੀ ਦਲ ਵਾਰਿਸ ਪੰਜਾਬ ਦੇ ਨੇਤਾ ਅਤੇ ਸੰਸਦੀ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਉੱਪਰ ਤੀਸਰੀ ਵਾਰ ਲਗਾਏ ਗਏ ਐੱਨ.ਐੱਸ.ਏ ਨੂੰ ਤੁਰੰਤ ਰੱਦ ਕਰਨ ਅਤੇ ਹਿਰਾਸਤ ਵਿੱਚ ਲਏ ਗਏ ਸਾਰੇ ਸਿੱਖ ਨੌਜਵਾਨਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਆਬਜ਼ਰਵਰ ਐਡਵੋਕੇਟ ਅਜੈਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਭੇਜਿਆ ਗਿਆ। ਡਿਪਟੀ ਕਮਿਸ਼ਨਰ ਨੂੰ ਮੰਗ ਦੇਣ ਤੋਂ ਪਹਿਲਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਮੈਂਬਰਾਂ ਵੱਲੋਂ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਪੰਜ ਮੈਂਬਰੀ ਕਮੇਟੀ ਦੇ ਅਹੁਦੇਦਾਰ ਆਬਜ਼ਰਵਰ ਐਡਵੋਕੇਟ ਅਜੇਪਾਲ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਬਟਾਲਾ, ਜੁਗਰਾਜ ਸਿੰਘ ਲਾਲਾ ਨੰਗਲ, ਜਤਿੰਦਰ ਸਿੰਘ ਸੋਹਲ, ਪ੍ਰਭਜੋਤ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰ ਸੰਸਦੀ ਹਲਕਾ ਖਡੂਰ ਸਾਹਿਬ ਤੋਂ ਭਾਰੀ ਬਹੁਮਤ ਨਾਲ ਚੁਣੇ ਗਏ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਪੰਜਾਬ ਸਰਕਾਰ ਵੱਲੋਂ ਨਜਾਇਜ਼ ਤੌਰ ’ਤੇ ਤੀਸਰੀ ਵਾਰ ਰਾਸ਼ਟਰੀ ਸੁਰੱਖਿਆ ਐਕਟ ਲਗਾਇਆ ਗਿਆ ਹੈ। ਇਹ ਨਾ ਸਿਰਫ਼ ਉਨ੍ਹਾਂ ਦੇ ਨਿੱਜੀ ਅਧਿਕਾਰਾਂ ਅਤੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ, ਸਗੋਂ ਖਡੂਰ ਸਾਹਿਬ ਹਲਕੇ ਦੇ ਲੱਖਾਂ ਵੋਟਰਾਂ ਦੀ ਸੰਸਦੀ ਨੁਮਾਇੰਦਗੀ ਨੂੰ ਖ਼ਾਮੋਸ਼ ਕਰਨ ਦੀ ਕੋਸ਼ਿਸ਼ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਹਟਾ ਕੇ ਗੁਰਬਾਣੀ, ਸਿੱਖੀ ਅਤੇ ਚੰਗੇ ਆਚਰਨ ਵੱਲ ਲੈ ਕੇ ਜਾਣ ਵਾਲਾ ਅਭਿਆਨ ਚਲਾਇਆ। ਉਨ੍ਹਾਂ ਦੇ ਜਨਸੇਵਾ ਆਧਾਰਿਤ ਕਦਮਾਂ ਨੇ ਸਮਾਜਿਕ ਸੁਧਾਰ ਲਈ ਇੱਕ ਨਵੀਂ ਲਹਿਰ ਚਲਾਈ, ਜਿਸ ਨੂੰ ਸਮਾਜ ਭਲਾਈ ਦੇ ਵਧੀਆ ਉਪਰਾਲਿਆਂ ਵਜੋਂ ਵੇਖਿਆ ਜਾਂਦਾ ਹੈ, ਨਾ ਕਿ ਕਿਸੇ ਰਾਸ਼ਟਰੀ ਖ਼ਤਰੇ ਵਜੋਂ।