ਬਠਿੰਡਾ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ‘ਚ ਵਿਜੀਲੈਂਸ ਬਿਊਰੋ ਬਠਿੰਡਾ (Vigilance Bureau Bathinda) ਨੇ ਗ੍ਰਿਫ਼ਤਾਰ ਕੀਤੀ ਪੰਜਾਬ ਪੁਲਿਸ (Punjab Police) ਦੀ ਬਰਖ਼ਾਸਤ ਮਹਿਲਾ ਕਾਂਸਟੇਬਲ (Dismissed Female Constable) ਅਮਨਦੀਪ ਕੌਰ ਨੂੰ ਮੰਗਲਵਾਰ ਸਵੇਰੇ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ। ਇੱਥੇ ਵਿਜੀਲੈਂਸ ਟੀਮ ਨੇ ਮੁਲਜ਼ਮ ਅਮਨਦੀਪ ਕੌਰ ਤੋਂ ਉਸ ਦੀ ਜਾਇਦਾਦ ਤੇ ਆਮਦਨ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰਨ ਲਈ ਅਦਾਲਤ ਤੋਂ ਪੰਜ ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਹੈ। ਹੁਣ ਵਿਜੀਲੈਂਸ ਵੱਲੋਂ 29 ਮਈ ਨੂੰ ਦੁਪਹਿਰ 3 ਵਜੇ ਤੋਂ ਬਾਅਦ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਦੇ ਆਧਾਰ ‘ਤੇ ਕਾਰਵਾਈ ਦੀ ਰਿਪੋਰਟ ਵੀ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਵਿਜੀਲੈਂਸ ਦੀ ਮੰਗ ‘ਤੇ ਅਦਾਲਤ ਨੇ ਮੁਲਜ਼ਮ ਅਮਨਦੀਪ ਕੌਰ ਦੇ ਘਰ ਤੇ ਹੋਰ ਜਾਇਦਾਦਾਂ ਦੀ ਤਲਾਸ਼ੀ ਲਈ ਸਰਚ ਵਾਰੰਟ ਵੀ ਜਾਰੀ ਕੀਤਾ ਹੈ। ਡੀਐਸਪੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਵਿਜੀਲੈਂਸ ਵਿਭਾਗ ਨੂੰ ਉਸ ਦੇ ਖ਼ਿਲਾਫ਼ ਕਈ ਸ਼ੱਕੀ ਵਿੱਤੀ ਲੈਣ-ਦੇਣ ਤੇ ਬੇਹਿਸਾਬ ਜਾਇਦਾਦਾਂ ਦੇ ਇਨਪੁਟ ਮਿਲੇ ਸਨ ਜਿਸ ਤੋਂ ਬਾਅਦ ਵਿਜਿਲੈਂਸ ਟੀਮ ਨੇ ਅਮਨਦੀਪ ਕੌਰ ਦੀ 2018 ਤੋਂ 31 ਮਾਰਚ 2025 ਤੱਕ ਵਿੱਤੀ ਜਾਂਚ ਕੀਤੀ।
ਜਾਂਚ ਵਿਚ ਪਤਾ ਲੱਗਿਆ ਕਿ ਉਸ ਨੇ ਆਪਣੀ ਆਮਦਨ ਤੋਂ 28 ਫੀਸਦੀ ਵਧ ਪੈਸੇ ਖਰਚ ਕੀਤੇ ਹਨ। ਰਿਕਾਰਡ ਅਨੁਸਾਰ, ਅਮਨਦੀਪ ਕੌਰ ਦੀ ਪਿਛਲੇ ਅੱਠ ਸਾਲਾਂ ‘ਚ ਆਮਦਨ 1.8 ਕਰੋੜ ਰੁਪਏ ਦਰਜ ਕੀਤੀ ਗਈ ਸੀ, ਪਰ ਜਦੋਂ ਵਿਜੀਲੈਂਸ ਨੇ ਹਿਸਾਬ ਲਗਾਉਣਾ ਸ਼ੁਰੂ ਕੀਤਾ ਤਾਂ ਉਸ ਦਾ ਖਰਚ 1.39 ਕਰੋੜ ਰੁਪਏ ਸਾਹਮਣੇ ਆਇਆ। ਉਸ ਨੇ ਆਪਣੀ ਆਮਦਨ ਤੋਂ 31 ਲੱਖ ਰੁਪਏ ਵੱਧ ਖਰਚ ਕੀਤੇ ਹਨ।
ਇਹ ਪੈਸੇ ਕਿੱਥੋਂ ਆਏ ਤੇ ਕਿਸ ਰੂਪ ‘ਚ ਕਮਾਏ ਗਏ ਹਨ, ਇਸ ਦੀ ਜਾਂਚ ਕਰਨ ਲਈ ਉਸ ਨੂੰ ਕੋਰਟ ‘ਚ ਪੇਸ਼ ਕਰ ਕੇ ਤਿੰਨ ਦਿਨਾਂ ਦਾ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ। ਵਿਜੀਲੈਂਸ ਟੀਮ ਅਮਨਦੀਪ ਤੋਂ ਉਸ ਦੀ ਆਮਦਨ ਦਾ ਰਿਕਾਰਡ ਪ੍ਰਾਪਤ ਕਰੇਗੀ, ਜਦਕਿ ਉਸ ਦੀ ਕੋਠੀ ਦੀ ਤਲਾਸ਼ ਲਈ ਜਾਵੇਗੀ। ਇਸ ਲਈ ਕੋਰਟ ਤੋਂ ਸਰਚ ਵਾਰੰਟ ਹਾਸਲ ਕੀਤਾ ਗਿਆ।