ਚੰਡੀਗੜ੍ਹ : ਦੇਸ਼ ਦੇ ਕੁਝ ਸੂਬਿਆਂ ‘ਚ ਕੋਰੋਨਾ ਦੇ JN.1 ਵੇਰੀਐਂਟ ਦੇ ਮਾਮਲਿਆਂ ‘ਚ ਵਾਧੇ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ, ਉਨ੍ਹਾਂ ਨੂੰ ਹਸਪਤਾਲਾਂ ‘ਚ ਵਿਸ਼ੇਸ਼ ਵਾਰਡ ਬਣਾਉਣ, ਆਕਸੀਜਨ ਸਿਲੰਡਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਤੇ ਹੋਰ ਸਾਰੇ ਪ੍ਰਬੰਧ ਪੂਰੇ ਕਰਨ ਲਈ ਕਿਹਾ ਗਿਆ ਹੈ। ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਅਤੇ ਅਜਿਹਾ ਕੋਈ ਮਾਮਲਾ ਸਾਹਮਣੇ ਆਉਣ ‘ਤੇ ਤੁਰੰਤ ਸੂਚਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਹਾਲਾਂਕਿ ਪੰਜਾਬ ‘ਚ ਅਜੇ ਤਕ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਦੇ ਨਾਲ ਹੀ ਕੇਂਦਰ ਨੇ ਸੂਬੇ ਨੂੰ ਰੋਜ਼ਾਨਾ ਰਿਪੋਰਟਾਂ ਭੇਜਣ ਲਈ ਕਿਹਾ ਹੈ।
19 ਮਈ 2025 ਤਕ ਭਾਰਤ ਵਿਚ ਕੁੱਲ 257 ਐਕਟਿਵ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਕੇਰਲ, ਮਹਾਰਾਸ਼ਟਰ ਤੇ ਤਾਮਿਲਨਾਡੂ ਤੋਂ ਸਾਹਮਣੇ ਆਏ ਹਨ। JN.1 ਵੇਰੀਐਂਟ, ਜੋ ਕਿ Omicron BA.2.86 ਤੋਂ ਪੈਦਾ ਹੋਇਆ ਹੈ, ‘ਚ ਤੇਜ਼ੀ ਨਾਲ ਫੈਲਣ ਦੀ ਸਮਰੱਥਾ ਹੈ ਤੇ ਇਸ ਵਿਚ ਲਗਪਗ 30 ਮਿਊਟੇਸ਼ਨ ਪਾਈਆਂ ਗਈਆਂ ਹਨ। ਹਸਪਤਾਲਾਂ ਨੂੰ ਵਿਸ਼ੇਸ਼ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਵਿਚ ਡਾਕਟਰੀ ਸਰੋਤਾਂ ਦੀ ਉਪਲਬਧਤਾ, ਉਪਕਰਨਾਂ ਦਾ ਕੰਮਕਾਜ, ਸਟਾਫ ਦੀ ਤਿਆਰੀ ਅਤੇ ਰੋਜ਼ਾਨਾ ਰਿਪੋਰਟਿੰਗ ਸ਼ਾਮਲ ਹਨ। ਇਸ ਤੋਂ ਇਲਾਵਾ, ਸਿਹਤ ਸੰਭਾਲ ਸੈਟਿੰਗਾਂ ‘ਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ, ਹੱਥਾਂ ਦੀ ਸਾਫ-ਸਫਾਈ ਯਕੀਨੀ ਬਣਾਉਣ ਤੇ ਨਿਯਮਿਤ ਤੌਰ ‘ਤੇ ਹੱਥ ਧੋਣ ਲਈ ਕਿਹਾ ਗਿਆ ਹੈ। ਜੇਕਰ ਤੁਹਾਨੂੰ ਸੁੱਕੀ ਖੰਘ, ਬੁਖਾਰ, ਗਲੇ ‘ਚ ਖਰਾਸ਼, ਸਿਰਦਰਦ, ਥਕਾਵਟ, ਭੁੱਖ ਨਾ ਲੱਗਣਾ ਜਾਂ ਦਸਤ ਵਰਗੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਆਪਣੀ ਜਾਂਚ ਕਰਵਾਓ। ਉੱਚ-ਜੋਖ਼ਮ ਵਾਲੇ ਵਿਅਕਤੀਆਂ (ਜਿਵੇਂ ਕਿ ਬਜ਼ੁਰਗ ਜਾਂ ਕਮਜ਼ੋਰ ਇਮਿਊਨ ਸਿਸਟਮ ਵਾਲੇ) ਨੂੰ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ।