ਲਹਿਰਾਗਾਗਾ ਦੇ 11 ਮਹੀਨਿਆਂ ਦੇ ਨੰਨ੍ਹੇ ਬੱਚੇ ਵੰਸ਼ ਨੇ ਸਮਾਜ ਵਿੱਚ ਇੱਕ ਅਜਿਹੀ ਪੈੜ ਪਾ ਦਿੱਤੀ ਹੈ ਜਿਹੜੀ ਲੰਮਾ ਸਮਾਂ ਲੋਕਾਂ ਦਾ ਰਾਹ ਰਸ਼ਨਾਉਂਦੀ ਰਹੇਗੀ। ਵੰਸ਼ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ ਪਰ ਇਸ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਵੀ ਵੰਸ਼ ਕਈ ਘਰਾਂ ਦੇ ਚਿਰਾਗਾਂ ਨੂੰ ਰੋਸ਼ਨ ਕਰ ਗਿਆ।
ਵੰਸ਼ ਦੇ ਸਰੀਰ ਦੇ ਦੋਵੇਂ ਗੁਰਦੇ ਪੀਜੀਆਈ ਚੰਡੀਗੜ੍ਹ ਵਿੱਚ ਦਾਨ ਕਰ ਦਿੱਤੇ ਗਏ, ਜਿੱਥੇ ਡਾਕਟਰਾਂ ਨੇ ਲੋੜਵੰਦ ਮਰੀਜ਼ਾਂ ਨੂੰ ਉਹ ਅੰਗ ਲਾ ਵੀ ਦਿੱਤੇ। ਇੱਥੇ ਹੀ ਬਸ ਨਹੀਂ ਵੰਸ਼ ਦੇ ਪਰਿਵਾਰਕ ਮੈਂਬਰਾਂ ਨੇ ਹੋਰ ਵੱਡੀ ਹਿੰਮਤ ਦਿਖਾਉਂਦਿਆਂ ਨਿੱਕੜੇ ਵੰਸ਼ ਦਾ ਪੂਰਾ ਸਰੀਰ ਹੀ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨ ਦਾ ਫੈਸਲਾ ਲੈ ਲਿਆ।
ਇਸ ਮੌਕੇ ਪੀਜੀਆਈ ਚੰਡੀਗੜ੍ਹ ਤੋਂ ਵੰਸ਼ ਦੀ ਰਵਾਨਗੀ ਸਮੇਂ ਨੰਨ੍ਹੇ ਵੰਸ਼ ਨੂੰ ਪੀਜੀਆਈ ਦੇ ਸਮੂਹ ਡਾਕਟਰਾਂ ਅਤੇ ਸਟਾਫ ਨੇ ਫੁੱਲਾਂ ਦੀ ਵਰਖਾ ਕਰ ਕੇ ਭਾਵੁਕ ਮਾਹੌਲ ਵਿੱਚ ਵਿਦਾਇਗੀ ਦਿੱਤੀ। ਪੀਜੀਆਈ ਦੀ ਡਾਕਟਰ ਮੈਡਮ ਪਾਰੁਲ ਨੇ ਦੱਸਿਆ ਕਿ ਵੰਸ਼ ਦੇ ਮਾਤਾ-ਪਿਤਾ ਵੱਲੋਂ ਬਹੁਤ ਵੱਡਾ ਜੇਰਾ ਦਿਖਾਉਂਦਿਆਂ ਉਸਦੇ ਅੰਗ ਦਾਨ ਕਰਨ ਦੀ ਸਹਿਮਤੀ ਇੱਕ ਮਿੰਟ ਵਿੱਚ ਹੀ ਦੇ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਸਮਾਜ ਵਿੱਚ ਅਜਿਹੇ ਮਾਪੇ ਵਿਰਲੇ ਹੀ ਪਿਓ ਹੁੰਦੇ ਹਨ, ਜੋ ਆਪਣੇ ਜਾਨ ਤੋਂ ਪਿਆਰੇ ਨੰਨ੍ਹੇ ਬੱਚੇ ਲਈ ਏਡਾ ਵੱਡਾ ਫੈਸਲਾ ਲੈ ਸਕਣ। ਉਨ੍ਹਾਂ ਦੱਸਿਆ ਕਿ ਬੱਚੇ ਦੀਆਂ ਦੋਨੋ ਕਿਡਨੀਆਂ ਡੋਨੇਟ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅੰਗ ਦਾਨ ਸਭ ਤੋਂ ਵੱਡਾ ਦਾਨ ਹੈ, ਜਿਸ ਨਾਲ ਅਸੀਂ ਉਨ੍ਹਾਂ ਬੈਡ ’ਤੇ ਪਏ ਮਰੀਜ਼ਾਂ ਨੂੰ ਜਿਉਣ ਦੀ ਆਸ ਦਿੰਦੇ ਹਾਂ। ਉਨ੍ਹਾਂ ਆਖਿਆ, ‘‘ਇਹ ਬਹੁਤ ਵੱਡਾ ਫੈਸਲਾ ਹੈ। ਅਸੀਂ ਵੰਸ਼ ਦੇ ਸਮੁੱਚੇ ਪਰਿਵਾਰ ਨੂੰ ਸਲਿਊਟ ਕਰਦੇ ਹਾਂ।’’
ਬੀਤੀ 16 ਮਈ ਨੂੰ ਬੈੱਡ ਤੋਂ ਸਿਰ ਭਾਰ ਡਿੱਗ ਪਿਆ ਸੀ ਵੰਸ਼
ਵੰਸ਼ ਦੇ ਪਿਤਾ ਟੋਨੀ ਬਾਂਸਲ ਨੇ ਦੱਸਿਆ ਕਿ 27 ਜੂਨ, 2024 ਨੂੰ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਲਗਭਗ 11 ਮਹੀਨੇ ਦੇ ਵੰਸ਼ ਨੂੰ ਜਦੋਂ 16 ਮਈ ਦੀ ਸਵੇਰੇ 9 ਵਜੇ ਤਿਆਰ ਕਰਦੇ ਹੋਏ ਉਸ ਦੀ ਮਾਤਾ ਨੇ ਬੈਡ ’ਤੇ ਬਿਠਾਇਆ ਤਾਂ ਉਹ ਅਚਾਨਕ ਹੇਠਾਂ ਉਤਰਨ ਦੀ ਕੋਸ਼ਿਸ਼ ਵਿੱਚ ਸਿਰ ਦੇ ਭਾਰ ਡਿੱਗ ਗਿਆ। ਇਸ ਕਾਰਨ ਉਸ ਨੂੰ ਸੰਗਰੂਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਲਿਆਂਦਾ ਗਿਆ।
ਬ੍ਰੇਨ ਡੈੱਡ ਹੋ ਗਿਆ ਸੀ ਬੱਚਾ, ਬਚਾਇਆ ਨਹੀਂ ਜਾ ਸਕਿਆ
ਪੀਜੀਆਈ ਵਿਖੇ ਡਾਕਟਰਾਂ ਨੇ ਮਾਪਿਆਂ ਨੂੰ ਦੱਸਿਆ ਕਿ ਬੱਚੇ ਦਾ ਬ੍ਰੇਨ ਡੈੱਡ ਹੋ ਚੁੱਕਿਆ ਹੈ ਅਤੇ ਹੁਣ ਉਸ ਨੂੰ ਬਚਾਇਆ ਨਹੀਂ ਜਾ ਸਕਦਾ, ਪਰ ਉਸ ਦੇ ਸਰੀਰ ਦੇ ਅੰਗ ਕੰਮ ਕਰ ਰਹੇ ਹਨ। ਪੀਜੀਆਈ ਦੇ ਡਾਕਟਰਾਂ ਨੇ ਟੋਨੀ ਬਾਂਸਲ ਨੂੰ ਦੱਸਿਆ ਕਿ ਪੀਜੀਆਈ ਵਿੱਚ ਹੀ ਕੁਝ ਬੱਚੇ ਵੱਖ-ਵੱਖ ਅੰਗ ਖਰਾਬ ਹੋਣ ਕਾਰਨ ਜ਼ਿੰਦਮੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਜੇ ਵੰਸ਼ ਦੇ ਸਰੀਰ ਦੇ ਅੰਗ ਉਨ੍ਹਾਂ ਜ਼ਰੂਰਤਮੰਦ ਬੱਚਿਆਂ ਨੂੰ ਮਿਲ ਜਾਣ ਤਾਂ ਉਨ੍ਹਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।
ਅੰਗਾਂ ਦੇ ਨਾਲ ਹੀ ਸਰੀਰ ਦਾਨ ਲਈ ਵੀ ਦਿੱਤੀ ਸਹਿਮਤੀ
ਟੋਨੀ ਬਾਂਸਲ ਨੇ ਇਸ ਬਾਰੇ ਤੁਰੰਤ ਆਪਣੀ ਪਤਨੀ ਪ੍ਰੇਮ ਲਤਾ ਅਤੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਸਾਰੇ ਪਰਿਵਾਰਿਕ ਮੈਂਬਰਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਵੱਲੋਂ ਦੱਸੇ ਗਏ ਨਕਸ਼ੇ ਕਦਮ ’ਤੇ ਚੱਲਣ ਵਾਲੇ ਹਨ ਤੇ ਉਨ੍ਹਾਂ ਨੂੰ ਇਹੋ ਸਿੱਖਿਆ ਦਿੱਤੀ ਗਈ ਹੈ ਕਿ ਸਰੀਰ ਦੇ ਅੰਗ ਦਾਨ ਕਰਨ ਦੇ ਨਾਲ-ਨਾਲ ਸਰੀਰ ਦਾਨ ਵੀ ਕੀਤਾ ਜਾਵੇ। ਇਸ ਲਈ ਉਹ ਆਪਣੇ ਬੱਚੇ ਦੇ ਸਾਰੇ ਅੰਗਾਂ ਦੇ ਨਾਲ-ਨਾਲ ਮੈਡੀਕਲ ਖੋਜਾਂ ਲਈ ਸਰੀਰ ਵੀ ਦਾਨ ਕਰਨ ਲਈ ਤਿਆਰ ਹਨ।
ਲਹਿਰਾਗਾਗਾ ਵਾਸੀਆਂ ਨੇ ਦਿੱਤੀ ਨੰਨ੍ਹੇ ਵੰਸ਼ ਨੂੰ ਦਿੱਤੀ ਹੰਝੂਆਂ ਭਰੀ ਵਿਦਾਇਗੀ
ਲਹਿਰਾ ਗਾਗਾ ਵਾਸੀਆਂ ਨੇ ਸ਼ੁੱਕਰਵਾਰ ਨੂੰ 11 ਮਹੀਨਿਆਂ ਦੇ ਆਪਣੇ ਨੰਨ੍ਹੇ ਵੰਸ਼ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ। ਵੰਸ਼ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਪੀਜੀਆਈ ਚੰਡੀਗੜ੍ਹ ਨੂੰ ਦਿੱਤੀ ਗਈ ਹੈ।