ਫਿਰੋਜ਼ਪੁਰ : ਫਿਰੋਜ਼ਪੁਰ ‘ਚ ਇਕ ਅਜਿਹਾ ਮਾਮਲੇ ਸਾਹਮਣੇ ਆਇਆ ਹੈ, ਜਿਸ ‘ਚ 80 ਸਾਲਾ ਬਜ਼ੁਰਗ ਬੇਬੇ ‘ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਜੋ ਕਿ ਸਹੀ ਤਰ੍ਹਾਂ ਚੱਲ-ਫਿਰ ਵੀ ਨਹੀਂ ਸਕਦੀ। ਦਰਅਸਲ ਆਪਣੀ ਹੀ ਜ਼ਮੀਨ ‘ਤੇ ਝੋਨਾ ਵੱਢਣ ਨੂੰ ਲੈ ਕੇ ਬੇਬੇ ‘ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ 80 ਸਾਲਾ ਬਜ਼ੁਰਗ ਮਾਤਾ ਮਹਿੰਦਰ ਕੌਰ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਦੇ ਪਿੰਡ ਗੱਟੀ ਰਹੀਮੇ ਕੇ ਦੀ ਰਹਿਣ ਵਾਲੀ ਹੈ। ਪੁਲਸ ਨੇ ਉਸ ‘ਤੇ ਅਤੇ ਉਸ ਦੇ ਪੁੱਤਰਾਂ ‘ਤੇ ਆਪਣੀ ਹੀ ਜ਼ਮੀਨ ‘ਤੇ ਝੋਨਾ ਵੱਢਣ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਹੈ, ਜਦੋਂ ਕਿ ਮਾਲਕੀ ਰਿਕਾਰਡ ‘ਚ ਜ਼ਮੀਨ ਬੇਬੇ ਦੇ ਨਾਂ ਬੋਲਦੀ ਹੈ।
ਮਾਤਾ ਨੇ ਦੱਸਿਆ ਕਿ ਇਸ ਜ਼ਮੀਨ ‘ਤੇ ਸੁਰਜੀਤ ਸਿੰਘ ਪੁੱਤਰ ਕੱਕਾ ਸਿੰਘ, ਜੋ ਕਿ ਬਲਾਕ ਪ੍ਰਧਾਨ ਵੀ ਹੈ, ਵਲੋਂ ਲਗਾਤਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਸ ਵਲੋਂ ਹੀ ਸਾਡੇ ਪਰਿਵਾਰ ‘ਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ। ਬੇਬੇ ਨੇ ਭੁੱਬਾਂ ਮਾਰਦਿਆਂ ਕਿਹਾ ਕਿ ਉਸ ਦੇ ਪੁੱਤ ਅਤੇ ਪੋਤਰੇ-ਪੋਤਰੀਆਂ ਰੁਲ੍ਹ ਗਈਆਂ ਹਨ। ਸੁਰਜੀਤ ਸਿੰਘ ਕਹਿੰਦਾ ਹੈ ਕਿ ਤੇਰੇ ਪੁੱਤਰਾਂ ਨੂੰ ਗੋਲੀ ਮਾਰਨੀ ਹੈ। ਉਸ ਨੇ ਕਿਹਾ ਕਿ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।
ਬੇਬੇ ਨੇ ਕਿਹਾ ਕਿ ਉਹ ਇਕੱਲੀ ਰਹਿ ਗਈ ਹੈ ਅਤੇ ਡਰ-ਡਰ ਕੇ ਆਪਣੀ ਜ਼ਿੰਦਗੀ ਕੱਟ ਰਹੀ ਹੈ। ਇਸ ਲਈ ਉਸ ਨੂੰ ਇਨਸਾਫ਼ ਦਿੱਤਾ ਜਾਵੇਗਾ ਅਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਦੂਜੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਥਾਣਾ ਸਦਰ ਦੇ ਐੱਸ. ਐੱਚ. ਓ. ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਨੇ ਬਿਆਨ ਦਰਜ ਕਰਾਏ ਹਨ ਕਿ ਜੋਗਿੰਦਰ ਸਿੰਘ ਦੇ ਪਰਿਵਾਰ ਨੇ ਕੁੱਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਜ਼ਬਰੀ ਉਸ ਦਾ ਝੋਨਾ ਵੱਢਿਆ ਹੈ। ਇਸ ਤੋਂ ਬਾਅਦ ਉਕਤ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਫਿਰ ਵੀ ਉਹ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰਾਉਣਗੇ। ਜੇਕਰ ਪੀੜਤ ਪਰਿਵਾਰ ਸਹੀ ਪਾਇਆ ਗਿਆ ਤਾਂ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ।