DGP ਗੌਰਵ ਯਾਦਵ ਦਾ ਐਕਸ਼ਨ, ਪੁਲਸ ਅਫ਼ਸਰਾਂ ਨੂੰ ਸਖ਼ਤ ਹੁਕਮ ਜਾਰੀ

ਚੰਡੀਗੜ੍ਹ/ਜਲੰਧਰ- ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਕਠੂਆ ‘ਚ ਜੰਮੂ ਪੁਲਸ, ਬੀ. ਐੱਸ. ਐੱਫ਼ ਅਤੇ ਸੁਰੱਖਿਆ ਏਜੰਸੀਆਂ ਨਾਲ ਮੀਟਿੰਗ ਤੋਂ ਬਾਅਦ ਹਰਕਤ ਵਿੱਚ ਆ ਗਏ ਹਨ। ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਪੁਲਸ ਦੇ ਵੱਖ-ਵੱਖ ਵਿੰਗਾਂ ਦੇ ਮੁਖੀਆਂ ਅਤੇ ਸਾਰੇ ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼. ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਐੱਸ. ਟੀ. ਐੱਫ਼. ਮੁਖੀ, ਵਿਸ਼ੇਸ਼ ਡੀ. ਜੀ. ਪੀ. ਅੰਦਰੂਨੀ ਸੁਰੱਖਿਆ, ਵਿਸ਼ੇਸ਼ ਡੀ. ਜੀ. ਕਾਨੂੰਨ ਅਤੇ ਸੁਰੱਖਿਆ, ਸੀ. ਪੀ. ਰੇਂਜ ਆਈ. ਜੀ/ਡੀ. ਆਈ. ਜੀ. ਅਤੇ ਐੱਸ. ਐੱਸ. ਪੀ. ਸ਼ਾਮਲ ਹੋਏ। ਮੀਟਿੰਗ ਵਿੱਚ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਅੱਤਵਾਦ ਵਿਰੁੱਧ ਰਣਨੀਤੀ ਬਣਾਈ ਗਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਖ਼ਿਲਾਫ਼ ਪੁਲਸ ਨੂੰ ਅਹਿਮ ਭੂਮਿਕਾ ਨਿਭਾਉਣੀ ਪਵੇਗੀ। ਲੋਕਾਂ ਦਾ ਦਿਲ ਜਿੱਤਣ ਦੇ ਨਾਲ-ਨਾਲ ਉਨ੍ਹਾਂ ਨੂੰ ਸੁਚੇਤ ਵੀ ਰਹਿਣਾ ਹੋਵੇਗਾ ਤਾਂ ਜੋ ਅਪਰਾਧੀਆਂ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕੇ।

ਸੂਬਾ ਸਰਕਾਰ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਬਹੁਤ ਸਖ਼ਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ-ਤਸਕਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦੇ ਸਪੱਸ਼ਟ ਆਦੇਸ਼ ਦਿੱਤੇ ਹਨ ਤਾਂ ਜੋ ਨਸ਼ਾ ਤਸਕਰਾਂ ਦੀ ਕਮਰ ਤੋੜੀ ਜਾ ਸਕੇ। ਮੀਟਿੰਗ ‘ਚ ਸਮੂਹ ਜ਼ਿਲ੍ਹਿਆਂ ਨੇ ਪਿਛਲੇ ਸਮੇਂ ਵਿੱਚ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਲੋਕਾਂ ਨਾਲ ਜੁੜਨ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਬਾਰੇ ਦੱਸਿਆ। ਡੀ. ਜੀ. ਪੀ. ਨੇ ਸਪੱਸ਼ਟ ਕੀਤਾ ਹੈ ਕਿ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਐੱਸ. ਐੱਚ. ਓ. ਤੋਂ ਲੈ ਕੇ ਅਧਿਕਾਰੀ ਹਰ ਰੋਜ਼ ਉਨ੍ਹਾਂ ਦੇ ਦਫ਼ਤਰ ਵਿੱਚ ਹਾਜ਼ਰ ਰਹਿਣਗੇ। ਨਾਲ ਹੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ।

Leave a Reply

Your email address will not be published. Required fields are marked *