ਜਲੰਧਰ : ਪੰਜਾਬ ਸਰਕਾਰ (Punjab Govt) ਵੱਲੋਂ ਪੂਰੇ ਸੂਬੇ ਵਿਚ ਜਾਇਦਾਦਾਂ ਦੀ ਰਜਿਸਟਰੀ ਨੂੰ ਆਨਲਾਈਨ ਤਸਦੀਕ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਸੂਬੇ ਵਿਚ ਹਰ ਕਿਸਮ ਦੀ ਪ੍ਰਾਪਰਟੀ ਨੂੰ ਆਨਲਾਈਨ ਪ੍ਰਕਿਰਿਆ ਰਾਹੀਂ ਰਜਿਸਟਰ ਕੀਤਾ ਜਾ ਸਕੇਗਾ। ਹਾਲਾਂਕਿ ਇਸ ਲਈ ਸਬ-ਰਜਿਸਟਰਾਰ, ਵਸੀਕਾ ਨਵੀਸ, ਰੈਵੇਨਿਊ (ਮਾਲ) ਸਬੰਧੀ ਕੰਮ ਕਰਨ ਵਾਲੇ ਵਕੀਲਾਂ ਦੀ ਭੂਮਿਕਾ ਪਹਿਲਾਂ ਦੀ ਤਰ੍ਹਾਂ ਰਹੇਗੀ। ਇਸ ਲਈ ਸਾਰੇ ਕੰਮ ਆਨਲਾਈਨ ਪੋਰਟਲ ਰਾਹੀਂ ਕੀਤੇ ਜਾਣਗੇ। ਇਸ ਸਬੰਧੀ ਸੋਮਵਾਰ ਨੂੰ ਸੂਬੇ ਵਿਚ ਵਰਚੁਅਲ ਮੀਟਿੰਗ ਕੀਤੀ ਗਈ, ਜਿਸ ਵਿਚ ਫਾਈਨਾਂਸ਼ੀਅਲ ਕਮਿਸ਼ਨਰ ਰੇਵੈਨਿਊ (ਐੱਸਫਸੀਆਰ) ਅਨੁਰਾਗ ਵਰਮਾ ਤੋਂ ਲੈ ਕੇ ਜ਼ਿਲ੍ਹਿਆਂ ਦੇ ਡੀਸੀ, ਵਸੀਕਾ ਨਵੀਸ, ਮਾਲ ਮਾਮਲਿਆਂ ਸਬੰਧੀ ਕੰਮ ਕਰਨ ਵਾਲੇ ਵਕੀਲ, ਤਹਿਸੀਲਦਾਰ ਤੇ ਸਬ-ਰਜਿਸਟਰਾਰ ਜੁੜੇ।
ਸਵੇਰੇ 9 ਵਜੇ ਸ਼ੁਰੂ ਹੋਈ ਵਰਚੁਅਲ ਮੀਟਿੰਗ ਦੋ ਘੰਟੇ, ਯਾਨੀ ਸਵੇਰੇ 11 ਵਜੇ ਤੱਕ ਜਾਰੀ ਰਹੀ। ਅਸਲ ਵਿਚ, ਸਰਕਾਰ ਨੂੰ ਜਾਇਦਾਦਾਂ ਦੀ ਰਜਿਸਟਰੀ ਕਰਨ ਦੌਰਾਨ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਇਹ ਨੈੱਟਵਰਕ ਤੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਪਰਟੀ ਦੀ ਰਜਿਸਟਰੀ ਨੂੰ ਆਨਲਾਈਨ ਪ੍ਰਕਿਰਿਆ ਤਹਿਤ ਕਰਨ ਦਾ ਐਲਾਨ ਕੀਤਾ ਸੀ। ਇਸ ਸਬੰਧੀ ਸੋਮਵਾਰ ਨੂੰ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਸ਼ੁਰੂਆਤ ਵਿਚ ਮਾਲ ਮਾਮਲਿਆਂ ਨਾਲ ਜੁੜੇ ਸਾਰੇ ਅਧਿਕਾਰੀ, ਮੁਲਾਜ਼ਮ, ਵਸੀਕਾ ਨਵੀਸ ਅਤੇ ਰੈਵੇਨਿਊ ਸਬੰਧੀ ਕੰਮ ਕਰਨ ਵਾਲੇ ਵਕੀਲਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਲਈ ਇਸ ਦੇ ਦੂਜੇ ਪੜਾਅ ਵਿਚ ਪਟਵਾਰੀ, ਕਾਨੂੰਨਗੋ, ਨੰਬਰਦਾਰ ਅਤੇ ਗਿਰਦੌਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇਸ ਪ੍ਰਕਿਰਿਆ ਤੋਂ ਬਾਅਦ ਮਹੀਨੇ ਵਿਚ ਆਨਲਾਈਨ ਪ੍ਰਕਿਰਿਆ ਰਾਹੀਂ ਪ੍ਰਾਪਰਟੀ ਦੀ ਰਜਿਸਟਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਪੂਰੇ ਪੰਜਾਬ ‘ਚ ਆਨਲਾਈਨ ਹੋਣਗੀਆਂ ਰਜਿਸਟਰੀਆਂ ! 48 ਘੰਟੇ ਪਹਿਲਾ ਪੋਰਟਲ ‘ਤੇ ਅਪਲੋਡ ਕਰਨੇ ਪੈਣਗੇ ਇਹ ਦਸਤਾਵੇਜ਼
