ਤਰਨਤਾਰਨ ਪੁਲਸ ਹੱਥ ਲੱਗੀ ਵੱਡੀ ਸਫਲਤਾ: ISI ਨਾਲ ਸਬੰਧਿਤ 3 ਅੱਤਵਾਦੀਆਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ

arest/nawanpunjab.com

ਤਰਨਤਾਰਨ – ਆਈ.ਐੱਸ.ਆਈ. ਨਾਲ ਸਬੰਧਤ ਤਿੰਨ ਅੱਤਵਾਦੀਆਂ ਨੂੰ ਜ਼ਿਲ੍ਹਾ ਤਰਨਤਾਰਨ ਦੀ ਪੁਲਸ ਵਲੋਂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਹੀ ਪੁਲਸ ਨੇ ਦੋ ਹੋਰ ਦੇਸ਼ ਵਿਰੋਧੀ ਅਨਸਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਸੰਬੰਧੀ ਜਾਂਚ ਅਜੇ ਜਾਰੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ਼ ਪੱਟੀ ਦੀ ਪੁਲਸ ਨੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨਜ਼ਦੀਕ ਇਕ ਕਾਰ ’ਚ ਸਵਾਰ ਤਿੰਨ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਮੁਲਜ਼ਮਾਂ ਨੂੰ ਵੱਖ-ਵੱਖ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅੱਤਵਾਦੀਆਂ ਦੇ ਸਬੰਧ ਪਾਕਿਸਤਾਨੀ ਏਜੰਸੀ ਆਈ.ਐੱਸ.ਆਈ. ਨਾਲ ਹਨ, ਜਿਸ ਦੇ ਇਸ਼ਾਰੇ ’ਤੇ ਤਿੰਨੇ ਮੁਲਜ਼ਮ ਜਾਇਜ਼- ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹੋਏ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਲੀਡਰਾਂ ਨੂੰ ਟਾਰਗੇਟ ਬਣਾਉਣ ਦਾ ਕੰਮ ਕਰਦੇ ਸਨ।

ਸੂਤਰਾਂ ਤੋਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ, ਜੋ ਫੰਡਿੰਗ ਦਾ ਕੰਮ ਵੀ ਕਰਦੇ ਹਨ। ਉਕਤ ਮੁਲਜ਼ਮ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਫਿਰਾਕ ’ਚ ਸਨ। ਪੁਲਸ ਵੱਲੋਂ ਇਸ ਬਾਬਤ ਥਾਣਾ ਸਦਰ ਤਰਨਤਾਰਨ ਵਿਖੇ ਤਿੰਨ ਮੁਲਜ਼ਮਾਂ ਦਰਮਨਜੋਤ ਸਿੰਘ ਨਿਵਾਸੀ ਤਲਵੰਡੀ ਖੁੰਮਣ ਬਟਾਲਾ, ਪਰਮਿੰਦਰ ਪਿੰਦੀ ਨਿਵਾਸੀ ਪਿੰਡ ਹਰਸ਼ੀਆਂ ਬਟਾਲਾ ਅਤੇ ਮੁਕੇਸ਼ ਕੁਮਾਰ ਨਿਵਾਸੀ ਜੰਬਾ ਕਰਨਾਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਪੁਲਸ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਸ ਵੱਲੋਂ ਦੋ ਹੋਰ ਦੇਸ਼ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀ ਪੁਲਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਮੀਡੀਆ ਨੂੰ ਇਸ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ।

Leave a Reply

Your email address will not be published. Required fields are marked *