ਬੰਗਲੁਰੂ ਵਿਚ ਪਿਛਲੇ 36 ਘੰਟਿਆਂ ਤੋਂ ਭਾਰੀ ਮੀਂਹ ਪੈਣ ਕਾਰਨ ਮੰਗਲਵਾਰ ਨੂੰ ਵੀ ਇੱਥੇ ਜਨਜੀਵਨ ਅਸਥਿਰ ਰਿਹਾ। ਇਸ ਦੌਰਾਨ ਲੋਕਾਂ ਨੂੰ ਗੋਡਿਆਂ ਤੱਕ ਪਾਣੀ ਵਿੱਚੋਂ ਲੰਘਦੇ ਦੇਖਿਆ ਗਿਆ ਅਤੇ ਕਈ ਥਾਵਾਂ ’ਤੇ ਟ੍ਰੈਫਿਕ ਜਾਮ ਦੀ ਰਿਪੋਰਟਾਂ ਵੀ ਮਿਲੀਆਂ ਹਨ। ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਮੀਂਹ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ। ਇਸ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਵਿਚ ਸਾਈ ਲੇਆਉਟ ਇਕ ਟਾਪੂ ਵਰਗਾ ਦਿਖਾਈ ਦਿੰਦਾ ਰਿਹਾ।
ਪਿਛਲੇ ਘੰਟਿਆਂ ਦੌਰਾਨ ਪਏ ਮੀਂਹ ਕਾਰਨ ਘਰਾਂ ਦੇ ਗਰਾਂਉਡ ਫਲੋਰ ਅੱਧ ਤੱਕ ਡੁਬ ਗਏ ਅਤੇ ਲੋਕ ਬਾਹਰ ਨਹੀਂ ਆ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਲਗਭਗ 150 ਲੋਕਾਂ ਨੂੰ ਬਚਾਇਆ ਗਿਆ ਅਤੇ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਸ਼ਹਿਰ ਦੇ ਹੇਨੂਰ ਵਿਚ ਇਕ ਅਨਾਥ ਆਸ਼ਰਮ ਨੂੰ ਵੀ ਭਾਰੀ ਮੀਂਹ ਦਾ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ। ਫਾਇਰ ਐਂਡ ਰੈਸਕਿਊ ਵਿਭਾਗ ਨੇ ਆਫ਼ਤ ਪ੍ਰਤੀਕਿਰਿਆ ਫੋਰਸ ਦੇ ਨਾਲ ਮਿਲ ਕੇ ਅਨਾਥ ਆਸ਼ਰਮ ਵਿਚੋਂ ਲੋਕਾਂ ਨੂੰ ਬਚਾਇਆ। ਆਸ਼ਰਮ ਦੀ ਜਗ੍ਹਾ ਵਿਚ ਵੱਡੇ ਪੱਧਰ ’ਤੇ ਪਾਣੀ ਭਰਿਆ ਹੋਇਆ ਸੀ।