ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਸੰਗਰੂਰ ਨੇੜਲੇ ਬੀੜ ਐਸ਼ਵਨ ਵਾਲੀ 927 ਏਕੜ ਜ਼ਮੀਨ ਵਿੱਚ ਅੱਜ ਪੱਕਾ ਮੋਰਚਾ ਲਗਾ ਕੇ ਬੇਗਮਪੁਰਾ ਵਸਾਉਣ ਦਾ ਐਲਾਨ ਕੀਤਾ ਸੀ ਅਤੇ ਪੰਜਾਬ ਭਰ ਤੋਂ ਹਜ਼ਾਰਾਂ ਮਜ਼ਦੂਰਾਂ ਨੇ ਬੀੜ ਐਸ਼ਵਨ ਪੁੱਜਣਾ ਸੀ ਪਰ ਪੁਲੀਸ ਨੇ ਸੂਰਜ ਚੜਨ ਤੋਂ ਪਹਿਲਾਂ ਹੀ ਨਾਕੇ ਲਗਾ ਕੇ ਇਲਾਕੇ ਨੂੰ ਪੁਲੀਸ ਛਾਉਣੀ ਵਿੱਚ ਬਦਲ ਦਿੱਤਾ।
ਇਸ ਤੋਂ ਇਲਾਵਾ ਪਿਛਲੇ ਦੋ ਦਿਨਾਂ ਤੋਂ ਪੁਲੀਸ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਦੇ ਘਰਾਂ ’ਤੇ ਛਾਪੇ ਮਾਰ ਰਹੀ ਹੈ ਅਤੇ ਅਨੇਕਾਂ ਆਗੂਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਚੁੱਕਿਆ ਹੈ।
ਬੀੜ ਐਸ਼ਵਨ ਵਾਲੀ ਜ਼ਮੀਨ ਵਿੱਚ ਮਜ਼ਦੂਰਾਂ ਨੂੰ ਦਾਖ਼ਲ ਹੋਣ ਤੋਂ ਰੋਕਣ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਉਲੀਕੇ ਪ੍ਰੋਗਰਾਮ ਨੂੰ ਫੇਲ੍ਹ ਕਰਨ ਵਾਸਤੇ ਅੱਜ ਸਵੇਰ ਤੋਂ ਹੀ ਪੁਲੀਸ ਨੇ ਜ਼ਿਲ੍ਹਾ ਭਰ ਵਿੱਚ ਨਾਕੇ ਲਾਏ ਹੋਏ ਹਨ ਅਤੇ ਸੋਹੀਆਂ ਰੋਡ ’ਤੇ ਸਥਿਤ ਬੀੜ ਐਸ਼ਵਨ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਪੁਲੀਸ ਨੇ ਬੰਦ ਕੀਤਾ ਹੋਇਆ ਹੈ।
ਸੰਗਰੂਰ ਨੇੜੇ ਸੋਹੀਆਂ ਰੋਡ, ਖੇੜੀ, ਮਹਿਲਾਂ ਚੌਕ ਅਤੇ ਘਰਾਚੋਂ ਸਣੇ ਵੱਖ ਵੱਖ ਥਾਵਾਂ ’ਤੇ ਪੁਲੀਸ ਤਾਇਨਾਤ ਕੀਤੀ ਹੋਈ ਹੈ। ਮਿੱਟੀ ਦੇ ਭਰੇ ਟਿੱਪਰ ਸੜਕ ’ਤੇ ਖੜ੍ਹੇ ਕੀਤੇ ਗਏ ਹਨ। ਬੀੜ ਐਸ਼ਵਨ ਸਾਹਮਣੇ ਵਾਲੀ ਈਲਵਾਲ ਗੱਗੜਪੁਰ ਸੜਕ ਵੀ ਬੰਦ ਹੈ ਜਿਸ ਕਰਕੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਪਤਾ ਲੱਗਿਆ ਹੈ ਕਿ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਪੁਲੀਸ ਨੇ ਬੀੜ ਐਸ਼ਵਨ ਵੱਲ ਜਾ ਰਹੇ ਮਜ਼ਦੂਰਾਂ ਨੂੰ ਰੋਕ ਕੇ ਹਿਰਾਸਤ ਵਿੱਚ ਲਿਆ ਹੈ।