ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਸ਼ੰਭੂ ਅਤੇ ਖਨੌਰੀ ਮੋਰਚਿਆਂ ਤੋਂ ਕਿਸਾਨਾਂ ਨੂੰ ਹਟਾਉਣ ’ਤੇ ਭਾਜਪਾ ਅਤੇ ‘ਆਪ’ ’ਤੇ ਹਮਲਾ ਬੋਲਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਦੋ ਕਿਸਾਨ ਵਿਰੋਧੀ ਪਾਰਟੀਆਂ ਹੁਣ ਦੇਸ਼ ਦੇ ਅੰਨਦਾਤਾ ਵਿਰੁੱਧ ਹੱਥ ਮਿਲਾ ਚੁੱਕੀਆਂ ਹਨ। ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ‘ਆਪ’ ਦੋਵੇਂ ਸੱਤਾ ਨਸ਼ੇ ਵਿੱਚ ਡੁੱਬੀਆਂ ਹੋਈਆਂ ਹਨ ਅਤੇ ਕਿਸਾਨਾਂ ਵਿਰੁੱਧ ਕਾਰਵਾਈਆਂ ਲਈ ਦੋਸ਼ੀ ਹਨ।
ਖੜਗੇ ਨੇ ਐਕਸ ’ਤੇ ਸਾਂਝੀ ਕੀਤੀ ਪੋਸਟ ਵਿਚ ਕਿਹਾ ਕਿ ਸੀਨੀਅਰ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੂੰ ਪੰਜਾਬ ਪੁਲੀਸ ਵੱਲੋਂ ਜ਼ਬਰਦਸਤੀ ਹਿਰਾਸਤ ਵਿੱਚ ਲਏ ਜਾਣ ਦੀ ਨਿੰਦਾ ਕਰਨਾ ਹੀ ਕਾਫ਼ੀ ਨਹੀ ਹੈ। ਉਨ੍ਹਾਂ ਕਿਹਾ, ‘‘ਦੇਸ਼ ਮੱਧ ਪ੍ਰਦੇਸ਼ ਦੇ ਮੰਦਸੌਰ ਨੂੰ ਨਹੀਂ ਭੁੱਲਿਆ, ਜਦੋਂ ਭਾਜਪਾ ਦੇ ਸ਼ਾਸਨ ਦੌਰਾਨ ਕਿਸਾਨਾਂ ’ਤੇ ਗੋਲੀਬਾਰੀ ਕੀਤੀ ਗਈ ਸੀ। ਹਾਲੇ ਕਿਸਾਨ ਇਹੀ ਨਹੀਂ ਭੁਲਾ ਸਕੇ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਦੇ ਇਕ ਮੰਤਰੀ ਦੇ ਪੁੱਤਰ ਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਕੁਚਲਿਆ। ਕਿਵੇਂ ਰਾਜਸਥਾਨ ਦੇ ਇੱਕ ਕਿਸਾਨ ਨੇ 2015 ਵਿੱਚ ਕੇਜਰੀਵਾਲ ਦੀ ਰੈਲੀ ਵਿੱਚ ਆਪਣੇ ਆਪ ਨੂੰ ਫਾਂਸੀ ਲਗਾ ਲਈ ਅਤੇ ਉਹ ਮੂਕ ਦਰਸ਼ਕ ਬਣਿਆ ਰਿਹਾ।