ਇੱਥੋਂ ਦੀ ਪੁਲੀਸ ਨੇ ਸੰਗਰੂਰ ਜੇਲ੍ਹ ਦੇ ਡੀਐਸਪੀ ਸੁਰੱਖਿਆ ਨੂੰ ਨਸ਼ਾ ਤਸਕਰੀ ਅਤੇ ਜੇਲ੍ਹ ਦੇ ਅੰਦਰ ਮੋਬਾਈਲ ਫੋਨਾਂ ਦੀ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਡੀਐਸਪੀ ਸੁਰੱਖਿਆ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਨਸ਼ਾ ਤਸਕਰੀ ਦੇ ਇਵਜ਼ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਯੂਪੀਆਈ ਖਾਤਿਆਂ ਰਾਹੀਂ ਭੁਗਤਾਨ ਕੀਤਾ ਗਿਆ ਸੀ। ਇਸ ਮੌਕੇ ਪੁਲੀਸ ਨੇ ਨਸ਼ੀਲੇ ਪਦਾਰਥ, ਅਸਲਾ ਅਤੇ ਨਗ਼ਦੀ ਜ਼ਬਤ ਕੀਤੀ ਹੈ। ਇਸ ਮਾਮਲੇ ਦੀ ਜਾਂਚ ਪਿਛਲੇ ਕਈ ਦਿਨਾਂ ਤੋ ਚੱਲ ਰਹੀ ਸੀ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਜੇਲ੍ਹ ਦੇ ਦਰਜਾ ਚਾਰ ਮੁਲਾਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਾਂਚ ਦੌਰਾਨ ਪੁਲੀਸ ਨੇ ਅੱਠ ਹਵਾਲਾਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋ ਮੋਬਾਈਲ ਫੋਨ, 50ਗ੍ਰਾਮ ਅਫੀਮ ਆਦਿ ਬਰਾਮਦ ਕੀਤੀ ਸੀ। ਪੁੱਛਗਿੱਛ ਤੋਂ ਬਾਅਦ ਅੰਮ੍ਰਿਤਸਰ ਤੋਂ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।
ਐਸ ਐਸ ਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਇਸ ਮਾਮਲੇ ਜਾਂਚ ਦੌਰਾਨ, ਸੰਗਰੂਰ ਜੇਲ੍ਹ ਦੇ ਡੀਐਸਪੀ ਸੁਰੱਖਿਆ, ਗੁਰਪ੍ਰੀਤ ਸਿੰਘ ਨੂੰ ਜੇਲ੍ਹ ਦੇ ਅੰਦਰ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅਹਾਤੇ ਵਿੱਚ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਦੀ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਪਾਇਆ ਗਿਆ ਸੀ ਅਤੇ ਉਸਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਜੁੜੇ #UPI ਖਾਤਿਆਂ ਰਾਹੀਂ ਭੁਗਤਾਨ ਮਿਲ ਰਹੇ ਸਨ। ਹੁਣ ਤੱਕ ਇਸ ਮਾਮਲੇ ਵਿਚ ਕੁਲ 19 ਜਣਿਆ ਦੀ ਗ੍ਰਿਫਤਾਰੀ ਹੋ ਚੁੱਕੀ ਹੈ।
ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਅਨੁਸਾਰ ਖੁਫੀਆ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਸੰਗਰੂਰ ਪੁਲੀਸ ਨੇ ਜੇਲ੍ਹ ਦੇ ਅੰਦਰ ਛਾਪਾ ਮਾਰਿਆ ਤੇ ਨੌਂ ਮੋਬਾਈਲ ਫੋਨ, ਚਾਰ ਸਮਾਰਟ ਘੜੀਆਂ, 50 ਗ੍ਰਾਮ ਅਫੀਮ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਕੀਤੀਆਂ।
ਮੁੱਢਲੀ ਜਾਂਚ ਵਿੱਚ ਚੌਥਾ ਦਰਜਾ ਮੁਲਾਜ਼ਮ ਦੀ ਸ਼ਮੂਲੀਅਤ ਸਾਹਮਣੇ ਆਈ ਹੈ।