ਸ੍ਰੀਨਗਰ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਜੰਮੂ-ਕਸ਼ਮੀਰ ਦੇ ਸਮੁੱਚੇ ਸੁਰੱਖਿਆ ਦ੍ਰਿਸ਼ ਅਤੇ ਹਥਿਆਰਬੰਦ ਬਲਾਂ ਦੀ ਜੰਗੀ ਤਿਆਰੀ ਦੀ ਸਮੀਖਿਆ ਕਰਨ ਲਈ ਸ੍ਰੀਨਗਰ ਪਹੁੰਚੇ। ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਹੋਣ ਤੋਂ ਬਾਅਦ ਇਹ ਕੇਂਦਰ ਸ਼ਾਸਤ ਪ੍ਰਦੇਸ਼ ਦਾ ਉਨ੍ਹਾਂ ਦਾ ਪਹਿਲਾ ਦੌਰਾ ਹੈ। ਇਸ ਦੌਰਾਨ ਰੱਖਿਆ ਮੰਤਰੀ ਨੇ ਫੌਜਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਦਾ ਦਿਲੋ ਧੰਨਵਾਦ ਕੀਤਾ।
ਰਾਜਨਾਥ ਸਿੰਘ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੇ ਲੋਕਾਂ ਨੇ ਪਾਕਿਸਤਾਨ ਅਤੇ ਅੱਤਵਾਦੀਆਂ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ। ਮੈਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਵੀ ਸਲਾਮ ਕਰਦਾ ਹਾਂ। ਮੈਂ ਇੱਥੇ ਉਸ ਊਰਜਾ ਨੂੰ ਮਹਿਸੂਸ ਕਰਨ ਆਇਆ ਹਾਂ, ਜਿਸ ਨੇ ਦੁਸ਼ਮਣਾਂ ਨੂੰ ਤਬਾਹ ਕਰ ਦਿੱਤਾ। ਜਿਸ ਤਰ੍ਹਾਂ ਤੁਸੀਂ ਸਰਹੱਦ ਪਾਰ ਪਾਕਿਸਤਾਨੀ ਚੌਕੀਆਂ ਅਤੇ ਬੰਕਰਾਂ ਨੂੰ ਤਬਾਹ ਕੀਤਾ, ਮੈਨੂੰ ਲੱਗਦਾ ਹੈ ਕਿ ਦੁਸ਼ਮਣ ਇਸ ਨੂੰ ਕਦੇ ਨਹੀਂ ਭੁੱਲੇਗਾ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਆਪ੍ਰੇਸ਼ਨ ਦਾ ਨਾਮ ਨਹੀਂ ਹੈ, ਸਗੋਂ ਇਹ ਇੱਕ ਵਚਨਬੱਧਤਾ ਹੈ। ਇੱਕ ਵਚਨਬੱਧਤਾ ਜਿਸ ਵਿੱਚ ਭਾਰਤ ਨੇ ਦਿਖਾਇਆ ਹੈ ਕਿ ਅਸੀਂ ਸਿਰਫ਼ ਬਚਾਅ ਹੀ ਨਹੀਂ ਕਰਦੇ, ਸਮਾਂ ਆਉਣ ‘ਤੇ ਸਖ਼ਤ ਫੈਸਲੇ ਵੀ ਲੈਂਦੇ ਹਾਂ। ਇਹ ਆਪ੍ਰੇਸ਼ਨ ਹਰ ਸਿਪਾਹੀ ਦੀਆਂ ਅੱਖਾਂ ਵਿੱਚ ਦੇਖਿਆ ਗਿਆ ਇੱਕ ਸੁਪਨਾ ਸੀ ਕਿ ਅਸੀਂ ਹਰ ਅੱਤਵਾਦੀ ਟਿਕਾਣੇ ਤੱਕ ਪਹੁੰਚਾਂਗੇ, ਭਾਵੇਂ ਉਹ ਘਾਟੀਆਂ ਵਿੱਚ ਲੁਕਿਆ ਹੋਵੇ ਜਾਂ ਬੰਕਰਾਂ ਵਿੱਚ, ਦੁਸ਼ਮਣ ਦੀ ਛਾਤੀ ਪਾੜ ਕੇ ਵੀ ਅਸੀਂ ਉਨ੍ਹਾਂ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਕੇ ਹੀ ਵਾਪਸ ਆਵਾਂਗੇ।