ਮੁਕਤਸਰ ਸ਼ਹਿਰ ਦੇ ਬਾਹਰਵਾਰ ਬਠਿੰਡਾ ਰੋਡ ’ਤੇ ਸਥਿਤ ਪਿੰਡ ਸੰਗੂ ਧੌਣ ਵਿਚ ਬੁੱਧਵਾਰ ਨੂੰ ਛੱਪੜ ਦੇ ਨੇੜੇ ਦੋ ਜੰਗਲੀ ਬਿੱਲੀਆਂ ਦੇਖੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਪਿੰਡਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲੀਸ ਲਾਈਨ, ਐੱਸਐੱਸਪੀ ਦਫ਼ਤਰ ਵੀ ਇਸੇ ਪਿੰਡ ਦੇ ਬਾਹਰਵਾਰ ਸਥਿਤ ਹੈ।
ਜਾਣਕਾਰੀ ਅਨੁਸਾਰ ਜੰਗਲੀ ਬਿੱਲੀਆਂ ਨੂੰ ਥਾਂਡੇਵਾਲਾ ਰੋਡ ’ਤੇ ਪਿੰਡ ਦੇ ਛੱਪੜ ਦੇ ਆਲੇ ਦੁਆਲੇ ਜੰਗਲੀ ਝਾੜੀਆਂ ਵਿੱਚੋਂ ਲੰਘਦੇ ਦੇਖਿਆ ਗਿਆ ਸੀ। ਪਿੰਡ ਦੇ ਵਸਨੀਕ ਬਲਕਾਰ ਸਿੰਘ ਨੇ ਕਿਹਾ “ਤੇਂਦੁਏ ਵਰਗੇ ਦੋ ਜੰਗਲੀ ਜਾਨਵਰਾਂ ਨੂੰ ਦੇਖੇ ਜਾਣ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਅਸੀਂ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਕੀਤਾ ਜਾਵੇ।’’
ਸਾਬਕਾ ਸਰਪੰਚ ਮਹਿੰਦਰ ਸਿੰਘ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹ, ‘‘ਕੁਝ ਵਸਨੀਕਾਂ ਨੇ ਛੱਪੜ ਦੇ ਨੇੜੇ ਤੇਂਦੁਏ ਵਰਗੇ ਜਾਨਵਰ ਵੇਖੇ। ਅਸੀਂ ਪਹਿਲਾਂ ਕਦੇ ਇਸ ਤਰ੍ਹਾਂ ਦੇ ਜਾਨਵਰ ਨਹੀਂ ਦੇਖੇ।’’ ਜੰਗਲਾਤ ਅਤੇ ਜੰਗਲੀ ਜੀਵ ਰੋਕਥਾਮ ਵਿਭਾਗ ਨੇ ਇੱਕ ਟੀਮ ਘਟਨਾ ਵਾਲੀ ਥਾਂ ‘ਤੇ ਭੇਜੀ ਹੈ।
ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਜਗਸੀਰ ਸਿੰਘ ਨੇ ਪਿੰਡ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਉਸ ਖੇਤਰ ਦੇ ਨੇੜੇ ਇੱਕ ਪਿੰਜਰਾ ਜਾਲ ਲਗਾਇਆ ਗਿਆ ਹੈ ਜਿੱਥੇ ਜੰਗਲੀ ਬਿੱਲੀਆਂ ਨੂੰ ਆਖਰੀ ਵਾਰ ਦੇਖਿਆ ਗਿਆ ਸੀ। ਮੁਕਤਸਰ ਦੇ ਡੀਐੱਫਓ ਅੰਮ੍ਰਿਤਪਾਲ ਸਿੰਘ ਬਰਾੜ ਨੇ ਕਿਹਾ, “ਪਿੰਡ ਦੇ ਵਸਨੀਕਾਂ ਨੇ ਦੋ ਜੰਗਲੀ ਬਿੱਲੀਆਂ ਦੇਖੀਆਂ ਹਨ। ਕਣਕ ਦੀ ਫ਼ਸਲ ਦੀ ਕਟਾਈ ਹੋ ਚੁੱਕੀ ਹੈ, ਇਹ ਜੰਗਲੀ ਜਾਨਵਰ ਇਸ ਦੌਰਾਨ ਠੰਢੀਆਂ ਥਾਵਾਂ ’ਤੇ ਚਲੇ ਜਾਂਦੇ ਹਨ। ਇਕ ਜੰਗਲੀ ਜੀਵ ਟੀਮ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ ਅਤੇ ਜੰਗਲੀ ਬਿੱਲੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।”