ਅਬੋਹਰ – ਅਬੋਹਰ ਤੋਂ ਇਕ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਥੇ ਕਬੱਡੀ ਦੇ ਖੇਤਰ ਵਿਚ ਪੰਜਾਬ ਦਾ ਨਾਂ ਰੌਸ਼ਨ ਕਰ ਚੁੱਕੇ ਨੈਸ਼ਨਲ ਪੱਧਰ ਦੇ ਖਿਡਾਰੀ ਅਤੇ ਸੀ.ਐੱਮ. ਹਾਊਸ ਵਿਚ ਬਤੌਰ ਕਮਾਂਡੋ ਦੇ ਤੌਰ ’ਤੇ ਤਾਇਨਾਤ ਅਬੋਹਰ ਦੇ ਸੀਤਾ ਰਾਮ ਕਾਲੋਨੀ ਵਾਸੀ ਨੌਜਵਾਨ ਨੇ ਬੀਤੀ ਰਾਤ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਿਸ ਦੀ ਲਾਸ਼ ਨੂੰ ਥਾਣਾ ਨੰ. 1 ਦੀ ਪੁਲਸ ਨੇ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾਉਂਦੇ ਹੋਏ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਕਰੀਬ 30 ਸਾਲਾ ਕਰਮ ਸਿੰਘ ਪੁੱਤਰ ਸੁਖਦੇਵ ਸਿੰਘ ਜਿਹੜਾ ਕਿ ਪੰਜ ਸਾਲ ਦੇ ਬੱਚੇ ਦਾ ਪਿਤਾ ਸੀ ਅਤੇ ਸੀ.ਐੱਮ. ਹਾਊਸ ਚੰਡੀਗੜ੍ਹ ਵਿਚ ਸੁਰੱਖਿਆ ਵਿਭਾਗ ਵਿਚ ਤਾਇਨਾਤ ਸੀ। 27 ਮਾਰਚ ਨੂੰ ਕਰਮ ਸਿੰਘ ਆਪਣੇ ਕਿਸੇ ਦੋਸਤ ਦੇ ਵਿਆਹ ਕਾਰਨ ਛੁੱਟੀ ਲੈ ਕੇ ਇਥੇ ਆਇਆ ਹੋਇਆ ਸੀ ਕਿ ਬੀਤੀ ਦੇਰ ਰਾਤ ਉਸਨੇ ਕਮਰੇ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਸਦੀ ਪਤਨੀ ਰਾਜਵੰਤ ਕੌਰ ਨੇ ਦੱਸਿਆ ਕਿ ਰਾਤ ਨੂੰ ਉਹ ਕਮਰੇ ਵਿਚ ਸੁੱਤੇ ਪਏ ਸੀ ਰਾਤ ਕਰੀਬ 3 ਵਜੇ ਜਦ ਉਸਨੇ ਉਠ ਕੇ ਦੇਖਿਆ ਤਾਂ ਉਸਦਾ ਪਤੀ ਬੈਡ ’ਤੇ ਨਹੀਂ ਸੀ। ਉਸਨੇ ਕੋਲ ਹੀ ਦੂਜੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਸ ਨੇ ਫਾਹਾ ਲੈ ਲਿਆ ਸੀ ਅਤੇ ਪਤਨੀ ਨੇ ਪਰਿਵਾਰ ਵਾਲਿਆਂ ਨੂੰ ਜਗਾਇਆ।
ਇਸ ਤੋਂ ਬਾਅਦ ਉਸਦੇ ਦਿਓਰ ਸਿਮਰ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਨੰ. 1 ਤੋਂ ਸਹਾਇਕ ਸਬ ਇੰਸਪੈਕਟਰ ਬਹਾਦਰ ਚੰਦ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਉਤਰਵਾ ਕੇ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।