ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਭਾਰਤ ਦੀਆਂ ਕਾਰਵਾਈਆਂ ਦਹਿਸ਼ਤੀ ਟਿਕਾਣਿਆਂ ਅਤੇ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸਨ, ਪਰ ਪਾਕਿਸਤਾਨੀ ਫੌਜ ਨੇ ਦਹਿਸ਼ਤਗਰਦਾਂ ਦੀ ਪਿੱਠ ’ਤੇ ਖੜ੍ਹ ਕੇ ਸਥਿਤੀ ਨੂੰ ਹੋਰ ਵਿਗਾੜਨ ਦੀ ਚੋਣ ਕੀਤੀ। ਏਅਰ ਮਾਰਸ਼ਲ ਭਾਰਤੀ ਨੇ Operation Sindoor ਬਾਰੇ ਵਿਸ਼ੇਸ਼ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ, ‘‘ਸਾਡੀ ਲੜਾਈ ਦਹਿਸ਼ਤੀ ਟਿਕਾਣਿਆਂ ਅਤੇ ਅਤਿਵਾਦੀਆਂ ਵਿਰੁੱਧ ਸੀ, ਪਰ ਪਾਕਿਸਤਾਨੀ ਫੌਜ ਨੇ ਉਨ੍ਹਾਂ ਦੀ ਹਮਾਇਤ ਦੀ ਚੋਣ ਕਰਕੇ ਟਕਰਾਅ ਨੂੰ ਹੋਰ ਵਧਾ ਦਿੱਤਾ।’’ ਉਨ੍ਹਾਂ ਕਿਹਾ, ‘‘ਸਾਡੇ ਸਾਰੇ ਫੌਜੀ ਅੱਡੇ, ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਹਨ।’
ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ‘‘ਏਕੀਕ੍ਰਿਤ ਹਵਾਈ ਕਮਾਂਡ ਅਤੇ ਕੰਟਰੋਲ ਨੇ ਪਾਕਿਸਤਾਨੀ ਫੌਜੀ ਹਮਲਿਆਂ ਨੂੰ ਨਾਕਾਮ ਬਣਾ ਦਿੱਤਾ।’’ ਮਾਰਸ਼ਲ ਭਾਰਤੀ ਨੇ ਕਿਹਾ, ‘‘ਆਕਾਸ਼ ਮਿਜ਼ਾਈਲਾਂ ਭਾਰਤੀ ਫੌਜ ਵੱਲੋਂ ਵਰਤੀਆਂ ਜਾਂਦੀਆਂ ਹਥਿਆਰ ਪ੍ਰਣਾਲੀਆਂ ਵਿੱਚੋਂ ਇੱਕ ਸਨ।’’ ਉਨ੍ਹਾਂ ਭਰੋਸਾ ਦਿੱਤਾ ਕਿ ‘‘ਸਾਰੇ ਫੌਜੀ ਅੱਡੇ ਅਤੇ ਪ੍ਰਣਾਲੀਆਂ ਪੂਰੀ ਤਰ੍ਹਾਂ ਕਾਰਜਸ਼ੀਲ ਰਹਿਣਗੀਆਂ ਅਤੇ ਕਿਸੇ ਵੀ ਮਿਸ਼ਨ ਨੂੰ ਪੂਰਾ ਕਰਨ ਲਈ ਤਿਆਰ ਰਹਿਣਗੀਆਂ।’’
ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (ਡੀਜੀਐਮਓਜ਼) ਵਿਚਕਾਰ ਜੰਗਬੰਦੀ ਦਾ ਮੁਲਾਂਕਣ ਕਰਨ ਲਈ ਹੋਣ ਵਾਲੀ ਗੱਲਬਾਤ ਮੁਲਤਵੀ ਕਰ ਦਿੱਤੀ ਗਈ ਹੈ। ਸੂਤਰਾਂ ਅਨੁਸਾਰ, ਅਸਲ ਵਿੱਚ ਸੋਮਵਾਰ ਦੁਪਹਿਰ 12 ਵਜੇ ਲਈ ਨਿਰਧਾਰਤ ਕੀਤੀ ਗਈ ਗੱਲਬਾਤ ਹੁਣ ਸ਼ਾਮ ਨੂੰ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਖਰਲੇ ਸੁਰੱਖਿਆ ਅਤੇ ਫੌਜੀ ਸਲਾਹਕਾਰਾਂ ਨਾਲ ਇੱਕ ਹੋਰ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨੇ ਸਿਖਰਲੇ ਫੌਜੀ ਕਮਾਂਡਰਾਂ ਨੂੰ ਕਿਹਾ ਹੈ ਕਿ ਜਦੋਂ ਦੋਵੇਂ ਡੀਜੀਐਮਓ ਗੱਲਬਾਤ ਕਰਨਗੇ ਤਾਂ ਉਹ ਅਤਿਵਾਦ ਨੂੰ ਲੈ ਕੇ ਸਿਫ਼ਰ ਟਾਲਰੈਂਸ ਦੀਆਂ ਭਾਰਤੀ ਸ਼ਰਤਾਂ ਪਾਕਿਸਤਾਨ ਨੂੰ ਸਪੱਸ਼ਟ ਕਰਨ। ਐਤਵਾਰ ਨੂੰ ਹੋਈ ਸਮੀਖਿਆ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਕਮਾਂਡਰਾਂ ਨੂੰ ਕਿਹਾ ਕਿ ‘ਜੇਕਰ ਪਾਕਿਸਤਾਨ ਹਮਲਾ ਕਰਦਾ ਹੈ, ਤਾਂ ਭਾਰਤ ਹੋਰ ਸਖ਼ਤ ਹਮਲਾ ਕਰੇਗਾ।’ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਐਨਐਸਏ ਅਜੀਤ ਡੋਵਾਲ, ਸੀਡੀਐਸ ਜਨਰਲ ਅਨਿਲ ਚੌਹਾਨ ਅਤੇ ਤਿੰਨੋਂ ਫੌਜਾਂ ਦੇ ਮੁਖੀ ਸ਼ਾਮਲ ਹੋਏ।