ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਮੱਦੇਨਜ਼ਰ ਪੰਜਾਬ ਅਤੇ ਰਾਜਸਥਾਨ(ਜੋ ਗੁਆਂਢੀ ਦੇਸ਼ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਨ) ਪੂਰੀ ਤਰ੍ਹਾਂ ਅਲਰਟ ’ਤੇ ਹਨ। ਭਾਰਤ ਦਾ ਪੰਜਾਬ ਸੂਬਾ ਪਾਕਿਸਤਾਨ ਨਾਲ 532 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ, ਜਦ ਕਿ ਰਾਜਸਥਾਨ ਵਿਚ ਸਾਂਝੀ ਸਰਹੱਦ ਲਗਭਗ 1,070 ਕਿਲੋਮੀਟਰ ਤੱਕ ਫੈਲੀ ਹੋਈ ਹੈ।
ਤਣਾਅ ਵਾਲੇ ਮਾਹੌਲ ਦੇ ਮੱਦੇਨਜ਼ਰ ਪੰਜਾਬ ਪੁਲੀਸ ਨੇ ਤੁਰੰਤ ਪ੍ਰਭਾਵ ਨਾਲ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਪੁਲੀਸ ਸੂਤਰਾਂ ਨੇ ਕਿਹਾ ਕਿ ਛੁੱਟੀ ਸਿਰਫ਼ ਅਤਿ ਜ਼ਰੂਰੀ ਹਾਲਾਤਾਂ ਵਿਚ ਹੀ ਦਿੱਤੀ ਜਾਵੇਗੀ। ਪੁਲੀਸ ਫੋਰਸ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਰੱਖਿਆ ਬਲਾਂ ਦੀ ਸਹਾਇਤਾ ਲਈ ਜ਼ਰੂਰੀ ਹੈ।
ਸੂਤਰਾਂ ਨੇ ਕਿਹਾ ਕਿ ਇਸ ਦੌਰਾਨ ਪੁਲੀਸ ਅਫਵਾਹਾਂ ਫੈਲਾਉਣ, ਜਮ੍ਹਾਂਖੋਰੀ ’ਤੇ ਨਜ਼ਰ ਰੱਖੇਗੀ, ਇਸ ਤੋਂ ਇਲਾਵਾ ਕਿਸੇ ਵੀ ਘਟਨਾ ਦੀ ਸਥਿਤੀ ਵਿਚ ਐੱਨਡੀਆਰਐੱਫ) ਦੀ ਮਦਦ ਕਰੇਗੀ ਅਤੇ ਸਰਹੱਦੀ ਜ਼ਿਲ੍ਹਿਆਂ ਵਿਚ ਨਾਗਰਿਕਾਂ ਦੀ ਮਦਦ ਲਈ ਬੀਐੱਸਐੱਫ ਨਾਲ ਸੰਪਰਕ ਬਣਾਈ ਰੱਖੇਗੀ। ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ ਛੇ ਸਰਹੱਦੀ ਜ਼ਿਲ੍ਹਿਆਂ ਵਿਚ ਸਕੂਲ ਵੀ ਬੰਦ ਕਰ ਦਿੱਤੇ ਹਨ, ਜਿਨ੍ਹਾਂ ਵਿਚ ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਦੇ ਸਾਰੇ ਸਕੂਲ ਸ਼ਾਮਲ ਹਨ।
ਡੀਜੀਪੀ ਦਫ਼ਤਰ ਵੱਲੋਂ ਜਾਰੀ ਹੁਕਮ ਵਿਚ ਲਿਖਿਆ ਹੈ, ‘‘ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਸਿਰਫ਼ ਵਿਸ਼ੇਸ਼ ਹਾਲਾਤਾਂ ਵਿੱਚ ਹੀ ਛੁੱਟੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।’’
ਉਧਰ ਰਾਜਸਥਾਨ ਵਿਚ ਸਾਵਧਾਨੀ ਦੇ ਤੌਰ ’ਤੇ ਚਾਰ ਸਰਹੱਦੀ ਜ਼ਿਲ੍ਹਿਆਂ ਸ਼੍ਰੀ ਗੰਗਾਨਗਰ, ਬੀਕਾਨੇਰ, ਜੈਸਲਮੇਰ ਅਤੇ ਬਾੜਮੇਰ ਵਿੱਚ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਤਿਆਰੀਆਂ ਕਰ ਲਈਆਂ ਹਨ। ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ‘ਅਪਰੇਸ਼ਨ ਸਿੰਦੂਰ’ ਤੋਂ ਬਾਅਦ ਵਧਦੇ ਤਣਾਅ ਦੇ ਮੱਦੇਨਜ਼ਰ ਸਬੰਧਤ ਅਧਿਕਾਰੀਆਂ ਨੂੰ ਸਾਰੇ ਪੁਲੀਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਮੁੱਖ ਸਕੱਤਰ ਸੁਧਾਂਸ਼ ਪੰਤ ਅਤੇ ਡੀਜੀਪੀ ਯੂਆਰ ਸਾਹੂ ਨੇ ਡਿਵੀਜ਼ਨਲ ਕਮਿਸ਼ਨਰਾਂ, ਕੁਲੈਕਟਰਾਂ, ਆਈਜੀਪੀ ਅਤੇ ਐੱਸਪੀਜ਼ ਨਾਲ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ, ਜਿਸ ਵਿਚ ਉਨ੍ਹਾਂ ਨੂੰ ਸਬੰਧਤ ਹੈੱਡਕੁਆਰਟਰ ’ਤੇ ਮੌਜੂਦ ਰਹਿਣ ਦਾ ਨਿਰਦੇਸ਼ ਦਿੱਤਾ ਗਿਆ।