ਪਹਿਲਗਾਮ ਘਟਨਾ ਦੀ ਕਥਿਤ ਫਿਰਕੂ ਸਿਆਸੀ ਮਨੋਰਥਾਂ ਲਈ ਵਰਤੋਂ ਖ਼ਿਲਾਫ਼ ਅਤੇ ਭਾਰਤ ਸਰਕਾਰ ਵੱਲੋਂ ਬਦਲੇ ਦੇ ਨਾਂ ਹੇਠ ਪਾਕਿਸਤਾਨ ਖ਼ਿਲਾਫ਼ ਵਿੱਢੀ ਜੰਗ ਦੇ ਵਿਰੋਧ ਵਿਚ ਇਨਕਲਾਬੀ ਜਥੇਬੰਦੀਆਂ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਬਰਨਾਲਾ ਵਿਖੇ ਭਰਵੀਂ ਇਕੱਤਰਤਾ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਦੋਸ਼ ਲਾਇਆ ਕਿ ਇਸ ਘਟਨਾ ਖ਼ਿਲਾਫ਼ ਸਭਨਾਂ ਭਾਈਚਾਰਿਆਂ ਵੱਲੋਂ ਦਿਖਾਈ ਇੱਕਮੁੱਠਤਾ ਦੇ ਬਾਵਜੂਦ ਇਸ ਦੀ ਵਰਤੋਂ ਦੇਸ਼ ਭਰ ਅੰਦਰ ਫਿਰਕੂ ਧਰੁਵੀਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸਨੂੰ ਪਹਿਲਾਂ ਹੀ ਵਿਤਕਰੇ ਦਾ ਸ਼ਿਕਾਰ ਘੱਟ ਗਿਣਤੀ ਮੁਸਲਿਮ ਅਤੇ ਕਸ਼ਮੀਰੀ ਭਾਈਚਾਰੇ ਖ਼ਿਲਾਫ਼ ਲਾਮਬੰਦੀ ਤੇ ਨਫ਼ਰਤ ਪੈਦਾ ਕਰਨ ਲਈ ਵਰਤਿਆ ਜਾ ਰਿਹਾ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਮੁਖਤਿਆਰ ਸਿੰਘ ਪੂਹਲਾ ਨੇ ਤੱਥਾਂ ਅਤੇ ਅੰਕੜਿਆਂ ਦੇ ਹਵਾਲੇ ਨਾਲ ਮੁਲਕ ਅੰਦਰ ਚੱਲ ਰਹੀ ਉਸ ‘ਸਾਮਰਾਜੀ ਲੁੱਟ’ ਦੀ ਚਰਚਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਨੂੰ ਜੰਗੀ ਜਨੂਨ ਅਤੇ ਅੰਨ੍ਹੀ ਦੇਸ਼ ਭਗਤੀ ਦੇ ਗੁਬਾਰ ਹੇਠ ਢਕਿਆ ਜਾ ਰਿਹਾ ਹੈ। ਉਹਨਾਂ ਇਸ ਜੰਗੀ ਜਨੂੰਨ ਨੂੰ ਰੱਦ ਕਰਨ ਅਤੇ ਸਾਮਰਾਜੀ ਲੁੱਟ ਖ਼ਿਲਾਫ਼ ਸਭਨਾਂ ਤਬਕਿਆਂ ਦੀ ਸਾਂਝ ਉਸਾਰਨ ਦਾ ਸੱਦਾ ਦਿੱਤਾ।
ਲੋਕ ਮੋਰਚਾ ਪੰਜਾਬ ਦੀ ਆਗੂ ਸ਼ੀਰੀ ਨੇ ਇਸ ਘਟਨਾ ਦੇ ਪਿਛੋਕੜ ਵਿੱਚ ਕਸ਼ਮੀਰ ਮਸਲੇ ਬਾਰੇ ਚਰਚਾ ਕੀਤੀ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਸਕੱਤਰ ਕੰਵਲਜੀਤ ਖੰਨਾ ਨੇ ਕਬਾਇਲੀ ਇਲਾਕਿਆਂ ਅੰਦਰ ਕਾਰਪੋਰੇਟਾਂ ਦੀ ਲੁੱਟ ਨੂੰ ਸੌਖਾ ਕਰਨ ਅਤੇ ਹਰ ਤਰ੍ਹਾਂ ਦੇ ਲੋਕ ਵਿਰੋਧ ਨੂੰ ਗੋਲੀਆਂ ਨਾਲ ਦਬਾਉਣ ਵਾਲੇ ਅਪਰੇਸ਼ਨ ਕਗਾਰ ਬਾਰੇ ਚਾਨਣਾ ਪਾਇਆ। ਉਹਨਾਂ ਨੇ ਭਾਰਤੀ ਹਕੂਮਤ ਵੱਲੋਂ ਜਲ, ਜੰਗਲ, ਜ਼ਮੀਨ ਸਮੇਤ ਸਭ ਸੋਮੇ ਅਮਰੀਕਾ ਵਰਗੇ ਸਾਮਰਾਜੀ ਦੇਸ਼ਾਂ ਅਤੇ ਵੱਡੇ ਕਾਰਪੋਰੇਟਾਂ ਦੇ ਲਈ ਖੋਲ੍ਹਣ ਖ਼ਿਲਾਫ਼ ਆਵਾਜ਼ ਉਠਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਹਾਜ਼ਰ ਇਕੱਠ ਵੱਲੋਂ ਬਸਤਰ ਅੰਦਰ ਆਦਿਵਾਸੀਆਂ ਅਤੇ ਇਨਕਲਾਬੀਆਂ ਦੇ ਭਾਰਤੀ ਹਕੂਮਤ ਵੱਲੋਂ ਕੀਤੇ ਜਾ ਰਹੇ ਕਤਲਾਂ ਅਤੇ ਅਪਰੇਸ਼ਨ ਕਗਾਰ ਖਿਲਾਫ, ਭਗਵੰਤ ਮਾਨ ਸਰਕਾਰ ਵੱਲੋਂ ਧਰਨਿਆਂ, ਰੋਸ ਪ੍ਰਦਰਸ਼ਨਾਂ ਉੱਤੇ ਲਾਈ ਪਾਬੰਦੀ ਖ਼ਿਲਾਫ਼, ਸਾਰੀਆਂ ਮੌਕਾਪ੍ਰਸਤ ਸਿਆਸੀ ਧਿਰਾਂ ਵੱਲੋਂ ਪਾਣੀਆਂ ਦੇ ਮੁੱਦੇ ਦੀ ਲੋਕਾਂ ਵਿੱਚ ਟਕਰਾਅ ਭੜਕਾਉਣ ਲਈ ਕੀਤੀ ਜਾ ਰਹੀ ਵਰਤੋਂ ਖ਼ਿਲਾਫ਼ ਅਤੇ ਮੋਦੀ ਹਕੂਮਤ ਵੱਲੋਂ ਆਮ ਲੋਕਾਂ ਉੱਤੇ ‘ਮੜ੍ਹੀ’ ਜੰਗ ਖ਼ਿਲਾਫ਼ ਮਤੇ ਪਾਸ ਕੀਤੇ ਗਏ।