ਰਾਮਬਨ ਜ਼ਿਲ੍ਹੇ ਵਿਚ ਭਾਰੀ ਮੀਂਹ ਪੈਣ ਦੌਰਾਨ ਢਿਗਾਂ ਖਿਸਕਣ ਅਤੇ ਪਹਾੜੀਆਂ ਤੋਂ ਪੱਥਰ ਡਿੱਗਣ ਕਾਰਨ ਵੀਰਵਾਰ ਦੀ ਸਵੇਰ ਜੰਮੂ-ਸ਼੍ਰੀਨਗਰ ਕੌਮੀ ਰਾਜਮਾਰਗ ’ਤੇ ਆਵਜਾਈ ਨੂੰ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਚਾਨਕ ਆਏ ਹੜ੍ਹ ਨੇ ਰਾਮਬਨ ਬਾਜ਼ਾਰ ਨੂੰ ਵੀ ਪ੍ਰਭਾਵਿਤ ਕੀਤਾ, ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਟਰੈਫਿਕ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸੀਰੀ ਅਤੇ ਨਚਲਾਨਾ ਦੇ ਵਿਚਕਾਰ ਕਈ ਥਾਂਈ ਢਿੱਗਾਂ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਸਵੇਰੇ ਸਾਢੇ ਸੱਤ ਵਜੇ ਰਾਜਮਾਰਗ ’ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ, ਜਿਸ ਕਾਰਨ ਦੋਹਾਂ ਪਾਸੇ ਸੈਂਕੜੇ ਵਾਹਨ ਫਸੇ ਹੋਏ ਹਨ। ਇਹ ਰਾਜਮਾਰਗ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਣ ਵਾਲੀ ਇਕੋ ਇਕ ਸੜਕ ਹੈ, ਜੋ ਹਰ ਮੌਸਮ ਵਿਚ ਖੁੱਲੀ ਰਹਿੰਦੀ ਹੈ।