ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਜਾਰੀ ਹੈ। ਇਸ ਦੌਰਾਨ, ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜਿਤ ਡੋਭਾਲ ਪ੍ਰਧਾਨ ਮੰਤਰੀ ਮੋਦੀ (PM Modi) ਨੂੰ ਮਿਲਣ ਪਹੁੰਚੇ। ਕੇਂਦਰ ਸਰਕਾਰ ਅੱਤਵਾਦ ਖ਼ਿਲਾਫ਼ ਫੈਸਲਾਕੁਨ ਕਾਰਵਾਈ ਦੀ ਰਣਨੀਤੀ ਤਿਆਰ ਕਰਨ ‘ਚ ਜੁਟੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਹਮਲੇ ਤੋਂ ਬਾਅਦ ਲਗਾਤਾਰ ਉੱਚ-ਪੱਧਰੀ ਬੈਠਕਾਂ ਦਾ ਸਿਲਸਿਲਾ ਜਾਰੀ ਹੈ।
ਪਹਿਲਗਾਮ ਹਮਲੇ ਤੋਂ ਬਾਅਦ ਉੱਚ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਜਾਰੀ
ਪਿਛਲੇ ਕੁਝ ਦਿਨਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨੀਲ ਚੌਹਾਨ ਤੇ ਫੌਜ, ਜਲ ਸੈਨਾ ਤੇ ਹਵਾਈ ਫੌਜ ਦੇ ਮੁਖੀਆਂ ਨਾਲ ਕਈ ਉੱਚ ਪੱਧਰੀ ਮੀਟਿੰਗਾਂ ਕੀਤੀਆਂ ਹਨ, ਜਿਸ ਨਾਲ ਲਸ਼ਕਰ ਦੇ ਅੱਤਵਾਦੀ ਸਮੂਹ ਖਿਲਾਫ਼ ਫ਼ੌਜੀ ਕਾਰਵਾਈ ਦੀ ਗੱਲਬਾਤ ਤੇਜ਼ ਹੋ ਗਈ ਹੈ।
ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨੇ ਡੋਭਾਲ ਤੇ ਜਨਰਲ ਚੌਹਾਨ ਨਾਲ ਮੁਲਾਕਾਤ ਕੀਤੀ ਤੇ ਹਥਿਆਰਬੰਦ ਬਲਾਂ ਨੂੰ ਭਾਰਤ ਦੀ ਫ਼ੌਜੀ ਪ੍ਰਤੀਕਿਰਿਆ ਦੇ ‘ਤਰੀਕੇ, ਟੀਚਾ ਅਤੇ ਸਮੇਂ’ ‘ਤੇ ਫੈਸਲਾ ਕਰਨ ਦੀ ਪੂਰੀ ਆਜ਼ਾਦੀ ਦਿੱਤੀ।