ਵਾਤਾਵਰਣ ਪ੍ਰੇਮੀ ਅਤੇ ‘ਆਪ’ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਾਣੀ ਸੰਭਾਲਣ ਦਾ ਉਨ੍ਹਾਂ ਦਾ ਮਾਡਲ ਸਫਲ ਰਿਹਾ ਜਦੋਂ ਕਿ ਦੂਜਿਆਂ ਦੁਆਰਾ ਅਪਣਾਈਆਂ ਗਈਆਂ ਵਿਕਲਪਿਕ ਯੋਜਨਾਵਾਂ ਲੋੜੀਂਦੇ ਨਤੀਜੇ ਪ੍ਰਾਪਤ ਨਹੀਂ ਕਰ ਸਕੀਆਂ। ਉਨ੍ਹਾਂ ਦੀ ਇਹ ਟਿੱਪਣੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਇਕ ਬਿਆਨ ਤੋਂ ਪੈਦਾ ਹੋਏ ਵਿਵਾਦ ਤੋਂ ਬਾਅਦ ਆਈ ਹੈ। ਜਿਸ ਵਿਚ ਮਾਡਲ ਨੂੰ “ਪੂਰੀ ਤਰ੍ਹਾਂ ਅਸਫਲ” ਕਿਹਾ ਸੀ ਅਤੇ ਸਰਕਾਰ ’ਤੇ ਸਿਰਫ ਆਪਣੇ ਆਗੂ ਨੂੰ ਪ੍ਰਮੋਟ ਕਰਨ ਲਈ ਇਸਦਾ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਸੀ।
ਰਾਜ ਵਿਧਾਨ ਸਭਾ ਨੇ ਵੀਰਵਾਰ ਨੂੰ ਬਾਜਵਾ ਦੀ ਟਿੱਪਣੀ ਲਈ ਨਿੰਦਾ ਮਤਾ ਪਾਸ ਕੀਤਾ ਸੀ। ਆਪਣੀ ਚੁੱਪੀ ਤੋੜਦੇ ਹੋਏ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਪਾਣੀ ਸੰਭਾਲ ਮਾਡਲ ਕਿਤੇ ਵੀ ਅਸਫਲ ਨਹੀਂ ਹੋਇਆ ਹੈ, ਸਗੋਂ ਇੰਜੀਨੀਅਰਾਂ ਦੁਆਰਾ ਬਣਾਇਆ ਗਿਆ “ਥਾਪਰ ਮਾਡਲ” ਅਸਫਲ ਰਿਹਾ ਹੈ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ 1999 ਤੋਂ ਉਨ੍ਹਾਂ ਦੇ ਜੱਦੀ ਪਿੰਡ ਸੀਚੇਵਾਲ ਵਿੱਚ ਲਾਗੂ ਕੀਤਾ ਗਿਆ ਮਾਡਲ ਅੱਜ ਤੱਕ ਸਫਲਤਾਪੂਰਵਕ ਚੱਲ ਰਿਹਾ ਹੈ। ਸੀਚੇਵਾਲ ਨੇ ਕਿਹਾ ਕਿ ਇਹ ਮਾਡਲ ਪੰਜਾਬ ਭਰ ਦੇ ਲਗਭਗ 250 ਪਿੰਡਾਂ ਵਿੱਚ ਸਫਲਤਾਪੂਰਵਕ ਚੱਲ ਰਿਹਾ ਹੈ ਅਤੇ ਉਹ ਇਸਦੀ ਸਫਲਤਾ ਦੀ ਪੂਰੀ ਗਰੰਟੀ ਦਿੰਦੇ ਹਨ।