ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿਚ ਵਿਰੋਧੀ ਧਿਰ ਸਰਕਾਰ ਦੇ ਨਾਲ ਮਜ਼ਬੂਤੀ ਖੜ੍ਹੀ ਨਾਲ ਹੈ, ਇਸ ਤੋਂ ਕੁਝ ਸਮੇਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਡਬਲਯੂਸੀ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੁਲਵਾਮਾ ਹਮਲੇ ਤੋਂ ਬਾਅਦ ਸਰਜੀਕਲ ਸਟ੍ਰਾਈਕ ਦੇ ਸਬੂਤ ਦੀ ਮੰਗ ਕੀਤੀ। ਹਾਲਾਂਕਿ ਚੰਨੀ ਬਾਅਦ ਵਿਚ ਪਿੱਛੇ ਹਟ ਗਏ। ਉਧਰ ਪਰ ਭਾਜਪਾ ਨੇ ਕਈ ਸੰਸਦ ਮੈਂਬਰਾਂ ਅਤੇ ਨੇਤਾਵਾਂ ਨਾਲ ਕਾਂਗਰਸ ’ਤੇ ਹਥਿਆਰਬੰਦ ਸੈਨਾਵਾਂ ’ਤੇ ਦੋਸ਼ ਲਗਾਉਣ ਲਈ ਸਵਾਲ ਚੁੱਕੇ।
ਸੀਡਬਲਯੂਸੀ ਦੀ ਮੀਟਿੰਗ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਵਿਚ ਚੰਨੀ ਨੇ ਕਿਹਾ ਕਿ ਸਰਕਾਰ ਨੇ ਪਹਿਲਗਾਮ ਅਤਿਵਾਦੀ ਹਮਲੇ ਦੇ 10 ਦਿਨਾਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ ਅਤੇ ਦਾਅਵਾ ਕੀਤਾ ਕਿ ਪਾਕਿਸਤਾਨੀਆਂ ਦੇ ਵੀਜ਼ੇ ਰੱਦ ਕਰਨ ਅਤੇ ਸਿੰਧੂ ਜਲ ਸੰਧੀ ਨੂੰ ਰੋਕੇ ਰੱਖਣ ਵਰਗੇ ਕਦਮਾਂ ਦਾ ਕੋਈ ਅਰਥ ਨਹੀਂ ਹੈ। ਭਾਜਪਾ ਦੇ ਬੁਲਾਰੇ ਸੀਆਰ ਕੇਸ਼ਵਨ ਨੇ ਕਾਂਗਰਸ ਦੀ ਨਿੰਦਾ ਕਰਦੇ ਹੋਏ ਕਿਹਾ, ‘‘2024 ਵਿੱਚ ਜਦੋਂ ਕਾਰਪੋਰਲ ਵਿੱਕੀ ਪਹਾਡੇ ਨੂੰ ਪੁੰਛ ਹਮਲੇ ਵਿਚ ਮਾਰਿਆ ਗਿਆ ਸੀ ਤਾਂ ਚੰਨੀ ਨੇ ਸਟੰਟਬਾਜ਼ੀ ਕਰਦਿਆਂ ਗਲਤ ਟਿੱਪਣੀ ਕੀਤੀ ਸੀ ਅਤੇ ਹੁਣ ਉਹ ਫਿਰ ਤੋਂ ਹਥਿਆਰਬੰਦ ਬਲਾਂ ਦਾ ਅਪਮਾਨ ਕਰ ਰਿਹਾ ਹੈ, ਜਿਸ ਵਿਚ ਇਹ ਕਹਿ ਰਿਹਾ ਹੈ ਕਿ ਪਾਕਿਸਤਾਨ ’ਤੇ ਕੋਈ ਸਰਜੀਕਲ ਸਟ੍ਰਾਈਕ ਨਹੀਂ ਹੋਈ।’’
ਚੰਨੀ ਨੂੰ ਮੁੜ ਪੁੱਛੇ ਗਏ ਸਵਾਲ ਕਿ ਕੀ ਉਹ ਉਨ੍ਹਾਂ ਹਮਲਿਆਂ ਲਈ ਸਬੂਤ ਮੰਗ ਰਹੇ ਸਨ, ਤਾਂ ਚੰਨੀ ਨੇ ਕਿਹਾ, ‘‘ਮੈਂ ਹਮੇਸ਼ਾ ਇਹ ਮੰਗ ਕਰਦਾ ਰਿਹਾ ਹਾਂ।” ਹਾਲਾਂਕਿ ਭਾਜਪਾ ਵੱਲੋਂ ਚੰਨੀ ’ਤੇ ਸ਼ਬਦੀ ਹਮਲਾ ਕਰਨ ਤੋਂ ਬਾਅਦ, ਉਹ ਪਿੱਛੇ ਹਟ ਗਏ ਅਤੇ ਕਿਹਾ ਕਿ ਸਰਜੀਕਲ ਸਟ੍ਰਾਈਕ ਲਈ ਕਿਸੇ ਸਬੂਤ ਦੀ ਲੋੜ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ, ‘‘ਮੈਂ ਪਹਿਲਾਂ ਵੀ ਕਿਹਾ ਹੈ ਕਿ ਕਾਂਗਰਸ ਪਾਰਟੀ, ਇਸ ਦੁੱਖ ਦੀ ਘੜੀ ਵਿੱਚ, ਸਰਕਾਰ ਦੇ ਨਾਲ ਖੜ੍ਹੀ ਹੈ।’’ ਜੇਕਰ ਸਰਕਾਰ ਉਨ੍ਹਾਂ (ਪਾਕਿਸਤਾਨ) ਦੀ ਪਾਣੀ ਸਪਲਾਈ ਜਾਂ ਕੋਈ ਵੀ ਕਾਰਵਾਈ ਕਰਦੀ ਹੈ, ਤਾਂ ਅਸੀਂ ਉਸ ਨਾਲ ਚੱਟਾਨ ਵਾਂਗ ਖੜ੍ਹੇ ਹਾਂ।’’ ਉਨ੍ਹਾਂ ਕਿਹਾ ਕਿ, ‘‘ਅਸੀਂ ਸਬੂਤ ਨਹੀਂ ਮੰਗਦੇ ਅਤੇ ਨਾ ਹੀ ਇਸ (ਸਰਜੀਕਲ ਸਟ੍ਰਾਈਕ) ਲਈ ਕੋਈ ਸਬੂਤ ਮੰਗਿਆ ਗਿਆ ਹੈ। ਅੱਜ ਸਵਾਲ ਇਹ ਹੈ ਕਿ ਅਸੀਂ ਪੀੜਤਾਂ ਦੇ ਪਰਿਵਾਰਾਂ ਅਤੇ ਦੇਸ਼ ਲਈ ਨਿਆਂ ਚਾਹੁੰਦੇ ਹਾਂ। ਅਸੀਂ ਸਰਕਾਰ ਦੇ ਨਾਲ ਖੜ੍ਹੇ ਹਾਂ।’’