ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ। ਦੋਵੇਂ ਆਗੂਆਂ ਵਿਚਾਲੇ ਲਗਪਗ 35 ਮਿੰਟ ਤੱਕ ਚੱਲੀ ਬੈਠਕ ਦੌਰਾਨ ਨੱਡਾ ਨੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਮਗਰੋਂ ਪੈਦਾ ਹੋਈ ਸਥਿਤੀ ਤੇ ਪਾਣੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਅਪਣਾਏ ਗਏ ਹਮਲਾਵਰ ਰੁੱਖ ਨੂੰ ਲੈ ਕੇ ਉਨ੍ਹਾਂ ਨਾਲ ਵਿਚਾਰ-ਚਰਚਾ ਕੀਤੀ। ਜਾਣਕਾਰੀ ਅਨੁਸਾਰ ਨੱਡਾ ਨੇ ਹੀ ਕੈਪਟਨ ਨੂੰ ਮਿਲਣ ਲਈ ਸੱਦਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਕੈਪਟਨ ਪਾਣੀ ਦੇ ਮਾਮਲਿਆਂ ’ਚ ਚੰਗੀ ਜਾਣਕਾਰੀ ਰੱਖਦੇ ਹਨ। 2004 ’ਚ ਕਾਂਗਰਸ ਸਰਕਾਰ ਵੇਲੇ ਮੁੱਖ ਮੰਤਰੀ ਰਹਿੰਦੇ ਹੋਏ ਕੈਪਟਨ ਹਰਿਆਣਾ ਨਾਲ ਪਾਣੀ ਦੇ ਸਮਝੌਤੇ ਨੂੰ ਰੱਦ ਕਰਨ ਲਈ ਦਿ ਪੰਜਾਬ ਟਰਮੀਨੇਟ ਆਫ਼ ਐਗਰੀਮੈਂਟ ਐਕਟ ਲੈ ਕੇ ਆਏ ਸਨ। ਇਸੇ ਕਾਰਨ ਨੱਡਾ ਨੇ ਉਨ੍ਹਾਂ ਨੂੰ ਬੈਠਕ ਲਈ ਬੁਲਾਇਆ ਸੀ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੇ ਕਿਸੇ ਸੀਨੀਅਰ ਆਗੂ ਨਾਲ ਮੁਲਾਕਾਤ ਕੀਤੀ ਹੈ। ਕੈਪਟਨ ਸਰਗਰਮ ਸਿਆਸ ਤੋਂ ਦੂਰ ਹੀ ਰਹਿ ਰਹੇ ਹਨ। ਪਿਛਲੀ ਵਾਰ ਉਹ ਝੋਨੇ ਦੇ ਸੀਜ਼ਨ ’ਚ ਕਿਸਾਨਾਂ ਨੂੰ ਆ ਰਹੀ ਸਮੱਸਿਆ ਦੌਰਾਨ ਖੰਨਾ ਮੰਡੀ ਪੁੱਜੇ ਸਨ।